ਮਲੋਟ, 5 ਸਤੰਬਰ (ਅਜਮੇਰ ਸਿੰਘ ਬਰਾੜ, ਪਾਟਿਲ)-ਮਲੋਟ ਦੇ ਡੀ.ਐੱਸ.ਪੀ. ਇਕਬਾਲ ਸਿੰਘ ਸੰਧੂ ਅਤੇ ਥਾਣਾ ਸਿਟੀ ਮਲੋਟ ਦੇ ਐੱਸ.ਐੱਚ.ਓ. ਹਰਪ੍ਰੀਤ ਸਿੰਘ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਥਾਣਾ ਸਿਟੀ ਮਲੋਟ ਵਲੋਂ 2 ਵਿਅਕਤੀਆਂ ਪਾਸੋਂ ਸਾਢੇ ਤਿੰਨ ਕਿੱਲੋ ਅਫ਼ੀਮ ਬਰਾਮਦ ਕੀਤੀ ਗਈ ਹੈ | ਡੀ.ਐੱਸ.ਪੀ. ਨੇ ਦੱਸਿਆ ਕਿ ਥਾਣਾ ਸਿਟੀ ਮਲੋਟ ਦੀ ਪੁਲਿਸ ਗਸ਼ਤ ਕਰ ਰਹੀ ਸੀ ਕਿ ਪਿੰਡ ਰੱਥੜੀਆਂ ਕੋਲ ਇਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੰਬਰ ਯੂ.ਪੀ. 27 ਬੀ.ਐੱਚ. 6658 ਖੜ੍ਹੀ ਸੀ | ਇਸ ਮੌਕੇ ਸ਼ੱਕ ਦੇ ਆਧਾਰ 'ਤੇ ਥਾਣੇਦਾਰ ਸ਼ਵਿੰਦਰ ਸਿੰਘ, ਹੌਲਦਾਰ ਜਗਦੀਸ਼ ਕੁਮਾਰ, ਸੀਨੀਅਰ ਸਿਪਾਹੀ ਮਨਪ੍ਰੀਤ ਕੌਰ ਅਤੇ ਡਰਾਈਵਰ ਸੁਰਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਤਲਾਸ਼ੀ ਵੀ ਲਈ ਅਤੇ ਉਕਤ ਨੌਜਵਾਨਾਂ ਕੋਲੋਂ ਸਾਢੇ ਤਿੰਨ ਕਿੱਲੋ ਅਫ਼ੀਮ ਬਰਾਮਦ ਹੋਈ | ਡੀ.ਐੱਸ.ਪੀ. ਨੇ ਦੱਸਿਆ ਕਿ ਦੋਵੇਂ ਵਿਅਕਤੀਆਂ ਦੀ ਪਛਾਣ ਗੁਰਬਖ਼ਸ਼ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਕਦਈਆ ਜ਼ਿਲ੍ਹਾ ਸ਼ਾਹਜਹਾਨਪੁਰ ਯੂ.ਪੀ. ਅਤੇ ਸਿਕੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਪਿੰਡ ਜੌੜਕੀ ਅੰਧੇਵਾਲੀ ਫ਼ਾਜ਼ਿਲਕਾ ਵਜੋਂ ਹੋਈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਪੁਲਿਸ ਨੇ ਫ਼ੜ੍ਹ ਕੇ ਕਾਨੂੰਨ ਦੀ ਧਾਰਾ 18ਬੀ/61/85 ਐੱਨ.ਡੀ.ਪੀ.ਐੱਸ. ਤਹਿਤ ਪਰਚਾ ਦਰਜ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਪੁਲਿਸ ਨੂੰ ਇਕ ਦਿਨ ਦਾ ਰਿਮਾਂਡ ਮਿਲਿਆ ਹੈ | ਥਾਣਾ ਸਿਟੀ ਪੁਲਿਸ ਵਲੋਂ ਐੱਸ.ਐੱਚ.ਓ. ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਫ਼ੜੇ੍ਹ ਗਏ ਵਿਅਕਤੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਇਹ ਅਫ਼ੀਮ ਕਿੱਥੋਂ ਲੈ ਕੇ ਆਏ ਤੇ ਕਿੱਥੇ ਜਾ ਕੇ ਇਨ੍ਹਾਂ ਨੇ ਇਹ ਅਫ਼ੀਮ ਦੇਣੀ ਸੀ ਅਤੇ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਪੁਲਿਸ ਰਿਮਾਂਡ ਤਹਿਤ ਪ੍ਰਾਪਤ ਕੀਤੀਆਂ ਜਾਣ ਉਮੀਦ ਜਿਤਾਈ ਗਈ ਹੈ |