ਦੋਦਾ, 5 ਸਤੰਬਰ (ਰਵੀਪਾਲ)-ਭਾਰਤੀ ਸਟੇਟ ਬੈਂਕ ਭਲਾਈਆਣਾ ਵਿਖੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਮਿ੍ਤਕ ਦੀ ਪਤਨੀ ਨੂੰ 2 ਲੱਖ ਦੀ ਰਾਸ਼ੀ ਦਾ ਚੈੱਕ ਬੈਂਕ ਅਧਿਕਾਰੀਆਂ ਨੇ ਸੌਂਪਿਆ | ਬ੍ਰਾਂਚ ਮੈਨੇਜਰ ਗੁਰਮੇਲ ਸਿੰਘ ਚਾਹਲ ਨੇ ਦੱਸਿਆ ਕਿ ਪਿੰਡ ਬੁੱਟਰ ਸ਼ਰੀਂਹ ਦੇ ਪਵਨਜੀਤ ਸਿੰਘ ਦਾ ਬੱਚਤ ਖਾਤਾ ਭਲਾਈਆਣਾ ਬ੍ਰਾਂਚ 'ਚ ਚੱਲ ਰਿਹਾ ਸੀ, ਜਿਸ ਦਾ 2 ਲੱਖ ਰੁਪਏ ਦਾ ਬੀਮਾ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਖਾਤਾ ਧਾਰਕ ਪਵਨਜੀਤ ਸਿੰਘ ਵਾਸੀ ਬੁੱਟਰ ਸ਼ਰੀਂਹ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਕਰਕੇ ਬੈਂਕ ਖਾਤੇ ਰਾਹੀਂ ਕਰਵਾਏ ਗਏ ਬੀਮੇ ਦੀ ਲਾਭ ਰਾਸ਼ੀ 2 ਲੱਖ ਰੁਪਏ ਦਾ ਚੈੱਕ ਮਿ੍ਤਕ ਦੀ ਪਤਨੀ ਸਰਬਜੀਤ ਕੌਰ ਨੂੰ ਸੌਂਪਿਆ ਗਿਆ | ਉਨ੍ਹਾਂ ਦੱਸਿਆ ਕੇ ਸਟੇਟ ਬੈਂਕ ਦੇ ਬੱਚਤ ਖਾਤੇ ਦਾ ਸਾਲਾਨਾ 436 ਰੁਪਏ ਦੀ ਮਾਮੂਲੀ ਰਕਮ ਨਾਲ 2 ਲੱਖ ਰੁਪਏ ਦਾ ਬੀਮਾ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਖਾਤਾ ਧਾਰਕ ਦੀ ਮੌਤ ਹੋਣ ਉਪਰੰਤ ਉਸ ਦੇ ਵਾਰਿਸਾਂ ਨੂੰ 2 ਲੱਖ ਰੁਪਏ ਬੀਮਾ ਲਾਭ ਰਾਸ਼ੀ ਦੇ ਰੂਪ 'ਚ ਦਿੱਤੇ ਜਾਂਦੇ ਹਨ | ਇਸ ਮੌਕੇ ਸੋਨਪਾਲ ਪੂਨੀਆ, ਖ਼ਜ਼ਾਨਚੀ ਸ਼ੁੱਭਮ ਵਰਮਾ, ਗਾਰਡ ਬਹਾਦਰ ਸਿੰਘ ਆਦਿ ਮੌਜੂਦ ਸੀ |