ਸ੍ਰੀ ਮੁਕਤਸਰ ਸਾਹਿਬ, 5 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸੂਬਾ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਪੰਜਾਬ 'ਚ ਹੜ੍ਹਾਂ ਕਾਰਨ ਹੋ ਰਹੀ ਤਬਾਹੀ ਦੇ ਮੁਆਵਜ਼ੇ ਸੂਬਾ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਪੂੰਜੀਪਤੀਆਂ ਦੇ ਕਥਿਤ ਕਬਜ਼ੇ ਕਰਵਾਉਣ ਦੇ ਵਿਰੋਧ ਅਤੇ ਕਿਸਾਨ ਲਹਿਰ 'ਤੇ ਕੀਤੇ ਜ਼ਬਰ ਵਿਰੁੱਧ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਅੱਗੇ ਰੋਸ ਧਰਨਾ ਦਿੱਤਾ | ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਂਅ 'ਤੇ ਮੰਗ ਪੱਤਰ ਦਿੱਤਾ | ਇਸ ਰੋਸ ਧਰਨੇ ਦੌਰਾਨ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਸਹਾਇਕ ਸਕੱਤਰ ਤੇ ਬਲਾਕ ਗਿੱਦੜਬਾਹਾ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਬੋਲਦਿਆਂ ਕਿਹਾ ਕਿ ਹੜ੍ਹਾਂ ਕਾਰਨ ਜਾਨੀ ਨੁਕਸਾਨ ਤੋਂ ਇਲਾਵਾ ਕਿਸਾਨਾਂ ਦੀਆਂ ਫ਼ਸਲਾਂ, ਪਸ਼ੂਆਂ ਤੇ ਮਕਾਨਾਂ ਘਰਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮਹਿਜ਼ ਕੁਦਰਤੀ ਕਹਿਰ ਨਹੀਂ ਹੈ, ਬਲਕਿ ਇਸ ਤਬਾਹੀ ਦੀ ਜ਼ਿੰਮੇਵਾਰ ਸੂਬਾ ਸਰਕਾਰ ਵੀ ਹੈ, ਕਿਉਂਕਿ ਸਰਕਾਰ ਨੇ ਰੋਕਥਾਮ ਲਈ ਜ਼ਮੀਨੀ ਪੱਧਰ 'ਤੇ ਅਗਾਊਾ ਠੋਸ ਪ੍ਰਬੰਧ ਨਹੀਂ ਕੀਤੇ | ਆਗੂਆਂ ਨੇ ਕਿਹਾ ਕਿ ਮੰਗ ਕੀਤੀ ਜਾਵੇਗੀ ਕਿ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ ਕੇਂਦਰ ਸਰਕਾਰ ਕੌਮੀ ਆਫ਼ਤ ਐਲਾਨੇ | ਬੁਲਾਰਿਆਂ ਨੇ ਕਿਹਾ ਕਿ ਜ਼ਮੀਨਾਂ ਦੀ ਰਾਖੀ ਲਈ ਜ਼ਮੀਨ ਪ੍ਰਾਪਤੀ, ਜ਼ਮੀਨਾਂ ਦੀ ਪੱਕੀ ਮਾਲਕੀ ਲੈਣ ਅਤੇ ਜਥੇਬੰਦੀ ਦੇ ਆਗੂਆਂ ਦੀ ਰਾਖੀ ਲਈ 14 ਸਤੰਬਰ ਨੂੰ ਬਰਨਾਲਾ ਵਿਚ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਲਈ ਰਾਖੀ ਕਰੋ ਮੁਹਿੰਮ ਨੂੰ ਪਿੰਡਾਂ ਵਿਚ ਹੋਰ ਤੇਜ਼ ਕੀਤਾ ਜਾਵੇਗਾ | ਆਗੂਆਂ ਨੇ ਸੱਦਾ ਦਿੱਤਾ ਕਿ ਪਿੰਡਾਂ ਵਿਚ ਕਿਸੇ ਵੀ ਕਿਸਾਨ ਆਗੂ ਨੂੰ ਗਿ੍ਫ਼ਤਾਰ ਕਰਨ ਲਈ ਆਏ ਪੁਲਿਸ ਦਾ ਵੱਡਾ ਵਿਰੋਧ ਕੀਤਾ ਜਾਵੇ | ਇਸ ਮੌਕੇ ਬਲਾਕ ਗਿੱਦੜਬਾਹਾ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸ਼ਰੀਂਹ, ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂਲਕੋਟ, ਜਸਵੀਰ ਸਿੰਘ ਪੱਪਲਾ ਦੋਦਾ, ਗੁਰਦੇਵ ਸਿੰਘ ਛੱਤਿਆਣਾ, ਰਣਜੀਤ ਸਿੰਘ ਬੁੱਟਰ ਬਖੂਹਾ, ਬਿੱਕਰ ਸਿੰਘ ਭਲਾਈਆਣਾ, ਜਸਪਾਲ ਸਿੰਘ, ਮੱਘਰ ਸਿੰਘ, ਬੋਹੜ ਸਿੰਘ ਕੋਟਲੀ, ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪ੍ਰਧਾਨ ਰਾਜਾ ਸਿੰਘ ਮਹਾਂਬੱਧਰ, ਹਰਵਿੰਦਰ ਸਿੰਘ ਮਹਾਂਬੱਧਰ, ਹਰਫੂਲ ਸਿੰਘ, ਮਾਸਟਰ ਕੁਲਵੀਰ ਸਿੰਘ ਭਾਗਸਰ, ਸੁਖਦੇਵ ਸਿੰਘ, ਬੋਹੜ ਸਿੰਘ ਮਲੋਟ ਆਦਿ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ |