ਸਾਦਿਕ, 5 ਸਤੰਬਰ (ਆਰ.ਐਸ.ਧੁੰਨਾ)-ਸਾਦਿਕ ਦੀ ਸਮਾਜ ਸੇਵੀ ਸੰਸਥਾ ਮਾਤਾ ਸੁਖਜਿੰਦਰ ਕੌਰ ਢਿੱਲੋਂ ਮੈਮੋਰੀਅਲ ਸੇਵਾ ਸੁਸਾਇਟਾੀ ਸਾਦਿਕ ਵਲੋਂ ਵਿੱਦਿਆ ਦੇ ਖੇਤਰ 'ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਵੱਖ-ਵੱਖ ਸਕੂਲਾਂ ਦੇ ਪੰਜ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਅਧਿਆਪਕ ਦਿਵਸ ਮਨਾਇਆ ਗਿਆ | ਸੁਸਾਇਟੀ ਵਲੋਂ ਕਰਵਾਏ ਗਏ ਸਾਦੇ ਸਮਾਗਮ ਦੇ ਮੁੱਖ ਮਹਿਮਾਨ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਸਨ ਅਤੇ ਅੰਜਨਾ ਕੌਸ਼ਲ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਫ਼ਰੀਦਕੋਟ ਵਿਸ਼ੇਸ਼ ਮਹਿਮਾਨ, ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-1 ਤੇ ਐਡਵੋਕੇਟ ਗੁਰਜੋਤ ਸਿੰਘ ਸੰਧੂ ਨੇ ਸਤਿਕਾਰਤ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੁਸਾਇਟੀ ਦੇ ਚੇਅਰਮੈਨ ਪਿ੍ਤਪਾਲ ਸਿੰਘ ਢਿੱਲੋਂ ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਮੁੱਖ ਮਹਿਮਾਨ ਤੇ ਸਤਿਕਾਰਤ ਮਹਿਮਾਨਾਂ ਨੇ ਅਧਿਆਪਕਾ ਰੀਤਾ ਦੇਵੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੰਮੇਆਣਾ, ਲੈਕਚਰਾਰ ਜ਼ੈਲ ਸਿੰਘ ਹਰਚੰਦ ਸਿੰਘ ਢਿੱਲੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸਾਦਿਕ, ਕਪਿਲ ਕਾਂਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਉਣੀ, ਰੁਪਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਿਲਾ ਨੌਂ ਅਤੇ ਯੋਗਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਚਾਕੀ ਕਲਾਂ-1 ਨੂੰ ਸਨਮਾਨ ਚਿੰਨ੍ਹ ਦੇ ਕੇ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਕ ਚੰਗਾ ਅਧਿਆਪਕ ਹੀ ਬੱਚਿਆਂ ਨੂੰ ਸਹੀ ਸੇਧ ਦੇ ਸਕਦਾ ਹੈ ਤੇ ਅੱਜ ਦੇ ਬੱਚੇ ਹੀ ਕੱਲ੍ਹ ਦੇ ਨੇਤਾ ਹਨ | ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਸ਼ਲ ਨੇ ਸੁਸਾਇਟੀ ਦੇ ਇਸ ਉਦਮ ਦੀ ਸਰਾਹਨਾ ਕੀਤੀ ਅਤੇ ਸਭਨਾਂ ਨੂੰ ਵਧਾਈ ਦਿੱਤੀ | ਸਮਾਗਮ ਦੇ ਅਖ਼ੀਰ ਵਿਚ ਜਗਤਾਰ ਸਿੰਘ ਮਾਨ ਨੇ ਆਏ ਮਹਿਮਾਨਾਂ ਤੇ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਅਧਿਆਪਕ ਦਿਵਸ ਬਾਰੇ ਜਾਣਕਾਰੀ ਦਿੱਤੀ | ਮੰਚ ਸੰਚਾਲਨ ਗੁਰਦਵਿੰਦਰ ਸਿੰਘ ਨੇ ਕੀਤਾ | ਇਸ ਮੌਕੇ ਪੰਚ ਸੁਖਮੰਦਰ ਸਿੰਘ, ਬਿੱਟੂ ਗਿਰਧਰ, ਗੁਰਮੀਤ ਸਿੰਘ, ਹਰਵਿੰਦਰ ਸਿੰਘ ਢਿੱਲੋਂ ਅਤੇ ਫੁੱਲਵਿੰਦਰ ਸਿੰਘ ਮੱਕੜ ਆਦਿ ਵੀ ਹਾਜ਼ਰ ਸਨ |