ਸਾਦਿਕ, 5 ਸਤੰਬਰ (ਗੁਰਭੇਜ ਸਿੰਘ ਚੌਹਾਨ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਤਹਿਸੀਲ ਸਾਦਿਕ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਪ੍ਰਧਾਨ ਇਕਬਾਲ ਸਿੰਘ ਬਰਾੜ ਮੁਮਾਰਾ ਦੀ ਅਗਵਾਈ ਹੇਠ ਕੀਤੀ ਗਈ | ਇਸ ਦੀ ਕਾਰਵਾਈ ਸਕੱਤਰ ਜਰਨਲ ਤਹਿਸੀਲ ਸਾਦਿਕ ਜਗਤਾਰ ਸਿੰਘ ਢਿੱਲੋਂ ਸਾਦਿਕ ਵਲੋਂ ਚਲਾਈ ਗਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਸਿਮਰਜੀਤ ਸਿੰਘ ਬਰਾੜ ਘੁੱਦੂ ਵਾਲਾ ਤੇ ਜ਼ਿਲ੍ਹਾ ਮੀਤ ਪ੍ਰਧਾਨ ਪਾਲ ਸਿੰਘ ਸੰਧੂ ਰੁਪੱਈਆਂ ਵਾਲਾ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਤੇ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਤੇ ਆਮ ਲੋਕਾਂ ਲਈ ਹਰ ਪ੍ਰਕਾਰ ਦੀ ਮਦਦ ਕਰਨ ਲਈ ਵਿਸ਼ੇਸ਼ ਤੌਰ 'ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਫ਼ੈਸਲਾ ਕੀਤਾ ਗਿਆ ਕਿ ਹੜ੍ਹ ਦੀ ਮਾਰ ਝੱਲ ਰਹੇ ਪਰਿਵਾਰਾਂ ਦੀ ਹਰ ਪ੍ਰਕਾਰ ਦੀ ਮਦਦ ਲਈ ਨਕਦ ਆਰਥਿਕ ਸਹਾਇਤਾ ਕੀਤੀ ਜਾਵੇਗੀ | ਨੰਬਰਦਾਰ ਯੂਨੀਅਨ ਦੇ ਸਾਰੇ ਆਹੁਦੇਦਾਰ ਤੇ ਕਮੇਟੀ ਮੈਂਬਰਾਂ ਵਲੋਂ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਸਹਿਮਤੀ ਦਿੱਤੀ ਗਈ | ਮੀਟਿੰਗ ਵਿਚ ਮੁੱਖ ਸਲਾਹਕਾਰ ਤਹਿਸੀਲ ਸਾਦਿਕ ਨਛੱਤਰ ਸਿੰਘ ਪਿੰਡੀ ਬਲੋਚਾਂ, ਮੀਤ ਪ੍ਰਧਾਨ ਤਹਿਸੀਲ ਸਾਦਿਕ, ਹਰਪ੍ਰੀਤ ਸਿੰਘ ਸੰਧੂ ਸਾਦਿਕ, ਮੀਤ ਪ੍ਰਧਾਨ ਜੁਗਰਾਜ ਸਿੰਘ ਸੰਧੂ ਬੀਹਲੇ ਵਾਲਾ, ਕਮੇਟੀ ਮੈਂਬਰ ਗੁਰਮੀਤ ਸਿੰਘ ਕਾਉਣੀ, ਕਮੇਟੀ ਮੈਂਬਰ ਰਾਜਮੰਦਰ ਸਿੰਘ ਦੀਪ ਸਿੰਘ ਵਾਲਾ, ਕਮੇਟੀ ਮੈਂਬਰ ਸੁਰਜੀਤ ਸਿੰਘ ਭਾਗ ਸਿੰਘ ਵਾਲਾ, ਕਮੇਟੀ ਮੈਂਬਰ ਬਲਵਿੰਦਰ ਸਿੰਘ ਡੋਡ, ਕਮੇਟੀ ਮੈਂਬਰ ਗੁਰਚਰਨ ਸਿੰਘ ਕਾਉਣੀ ਤੇ ਕਮੇਟੀ ਮੈਂਬਰ ਗੁਰਤੇਜ ਸਿੰਘ ਡੋਡ ਤੇ ਹੋਰ ਨੰਬਰਦਾਰਾਂ ਦੇ ਇਸ ਫ਼ੈਸਲੇ ਦੀ ਹਾਮੀ ਭਰੀ |