ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਅਗਰਵਾਲ ਸਭਾ ਸ੍ਰੀ ਮੁਕਤਸਰ ਸਾਹਿਬ ਵਲੋਂ ਚੇਅਰਮੈਨ ਭਾਰਤ ਭੂਸ਼ਣ ਬਿੰਟਾ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਬੱਬੂ ਬਾਂਸਲ ਤੇ ਸ਼ਹਿਰੀ ਪ੍ਰਧਾਨ ਅਜੇ ਗੁਪਤਾ ਦੀ ਪ੍ਰਧਾਨਗੀ ਹੇਠ ਸਥਾਨਕ ਕੋਟਕਪੂਰਾ ਰੋਡ ਸਥਿਤ ਸਟਾਰ ਵਿਊ ਪੈਲੇਸ ਵਿਖੇ ਮਹਾਰਾਜਾ ਅਗਰਸੈਨ ਜੈਅੰਤੀ ਮਨਾਈ ਗਈ | ਇਸ ਮੌਕੇ ਕੇਂਦਰ ਸਰਕਾਰ ਦੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ਮਹਾਰਾਜਾ ਅਗਰਸੈਨ ਦੇ ਜੀਵਨ 'ਤੇ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਦਿੱਲੀ ਵਿਖੇ ਰੇਲਵੇ ਸਟੇਸ਼ਨ ਦਾ ਨਾਂਅ ਵੀ ਮਹਾਰਾਜਾ ਅਗਰਸੈਨ ਦੇ ਨਾਂਅ 'ਤੇ ਰੱਖ ਕੇ ਵੱਡਾ ਸਨਮਾਨ ਦਿੱਤਾ ਹੈ | ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਿਚ ਆਏ ਹੜ੍ਹਾਂ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਫ਼ਾਜ਼ਿਲਕਾ ਤੇ ਅਬੋਹਰ ਇਲਾਕਿਆਂ ਵਿਚ ਮੁੜ ਸੇਮ ਆ ਗਈ ਹੈ ਅਤੇ ਪਾਣੀ ਉੱਪਰ ਆਉਣ ਕਰਕੇ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਅਗਰਵਾਲ ਸਮਾਜ ਹਮੇਸ਼ਾ ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਰਹਿੰਦਾ ਹੈ ਅਤੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਵੀ ਡਟ ਕੇ ਮਦਦ ਕਰੇ ਅਤੇ ਲੋੜਵੰਦਾਂ ਦੀ ਸਹਾਇਤਾ ਕਰੇ | ਵੱਖ-ਵੱਖ ਬੁਲਾਰਿਆਂ ਨੇ ਵੀ ਮਹਾਰਾਜਾ ਅਗਰਸੈਨ ਜੀ ਦੇ ਵਿਖਾਏ ਰਸਤੇ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਸਮਾਰੋਹ ਦੀ ਸ਼ੁਰੂਆਤ ਮਹਾਰਾਜਾ ਅਗਰਸੈਨ ਦੇ ਝੰਡਾ ਪੂਜਨ ਕਰਨ ਨਾਲ ਹੋਈ | ਇਸ ਮਗਰੋਂ ਮਹਾਰਾਜ ਅਗਰਸੈਨ ਜੀ ਦੀ ਜੈਯੰਤੀ ਨੂੰ ਸਮਰਪਿਤ ਭਜਨ ਗਾਇਨ ਹੋਇਆ | ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਪ੍ਰੋਗਰਾਮ ਦੌਰਾਨ 75 ਸਾਲ ਤੋਂ ਵੱਧ ਸਮਾਂ ਪਹਿਲਾਂ ਗ੍ਰੈਜੂਏਸ਼ਨ ਪੂਰੀ ਕਰ ਚੁੱਕੇ ਸਮਾਜ ਦੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ | ਸਭਾ ਵਲੋਂ ਸਮਾਰੋਹ ਦੌਰਾਨ ਰਵਨੀਤ ਸਿੰਘ ਬਿੱਟੂ ਨੂੰ ਸ੍ਰੀ ਮੁਕਤਸਰ ਸਾਹਿਬ ਦੀਆਂ ਰੇਲਵੇ ਨਾਲ ਸੰਬੰਧਿਤ ਮੰਗਾਂ ਤੇ ਮਸਲਿਆਂ ਤੋਂ ਵੀ ਜਾਣੂ ਕਰਵਾਇਆ ਗਿਆ | ਸਮਾਰੋਹ ਵਿਚ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਆਏ ਹੋਏ ਮਹਿਮਾਨਾਂ ਤੇ ਪਤਵੰਤੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ | ਚੇਅਰਮੈਨ ਭਾਰਤ ਭੂਸ਼ਣ ਬਿੰਟਾ ਨੇ ਵੀ ਆਪਣੇ ਸੰਬੋਧਨ 'ਚ ਮਹਾਰਾਜਾ ਅਗਰਸੈਨ ਜੀ ਦੇ ਜੀਵਨ 'ਤੇ ਚਰਚਾ ਕਰਦਿਆਂ ਲੋਕਾਂ ਨੂੰ ਅਗਰਸੈਨ ਮਹਾਰਾਜ ਵਲੋਂ ਦਿੱਤੇ ਸੰਦੇਸ਼ਾਂ 'ਤੇ ਚੱਲਣ ਲਈ ਪ੍ਰੇਰਿਆ ਅਤੇ ਨਾਲ ਹੀ ਮੰਚ ਤੋਂ ਰਵਨੀਤ ਸਿੰਘ ਬਿੱਟੂ ਨੂੰ ਵਿਸ਼ੇਸ਼ ਤੌਰ 'ਤੇ ਮੁਖ਼ਾਤਬ ਹੁੰਦਿਆਂ ਦੱਸਿਆ ਕਿ ਬੂੜਾ ਗੁੱਜਰ ਰੋਡ 'ਤੇ ਅਨੇਕਾਂ ਸਕੂਲ ਹਨ ਤੇ ਸਕੂਲ ਆਉਣ-ਜਾਣ ਵੇਲੇ ਵਿਦਿਆਰਥੀ ਬੜੇ ਪ੍ਰੇਸ਼ਾਨ ਹੁੰਦੇ ਹਨ | ਅਕਸਰ ਫਾਟਕ ਬੰਦ ਰਹਿੰਦਾ ਹੈ, ਇਸ ਲਈ ਇੱਥੇ ਅੰਡਰਬਿ੍ਜ ਬਣਨਾ ਚਾਹੀਦਾ ਹੈ, ਜਿਸ 'ਤੇ ਰੇਲਵੇ ਰਾਜ ਮੰਤਰੀ ਨੇ ਭਾਰਤ ਭੂਸ਼ਣ ਬਿੰਟਾ ਵਲੋਂ ਚੁੱਕੀ ਗਈ ਮੰਗ ਨੂੰ ਜਾਇਜ਼ ਦੱਸਦਿਆਂ ਇਸ ਮੰਗ ਨੂੰ ਛੇਤੀ ਪੂਰੀ ਕਰਵਾਉਣ ਦਾ ਵਿਸ਼ਵਾਸ ਦਿਵਾਇਆ | ਆਖ਼ਰ 'ਚ ਪ੍ਰਧਾਨ ਅਜੇ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਈ ਮਨਦੀਪ ਸਿੰਘ ਗੋਗੀ ਚਹਿਲ, ਜ਼ਿਲ੍ਹਾ ਪ੍ਰਧਾਨ ਤਜਿੰਦਰ ਬੱਬੂ ਬਾਂਸਲ, ਯੂਥ ਅਗਰਵਾਲ ਸਭਾ ਦੇ ਪ੍ਰਧਾਨ ਸੁਸ਼ੀਲ ਕੁਮਾਰ ਹੈਪੀ ਗਰਗ, ਸਕੱਤਰ ਨਰਿੰਦਰ ਬਾਂਸਲ, ਐਡਵੋਕੇਟ ਸੰਜੀਵ ਬਾਂਸਲ, ਵਿਜੇ ਬਾਂਸਲ, ਵਿਨੋਦ ਬਾਂਸਲ, ਸ਼ੈਰੀ, ਰਾਜੇਸ਼ ਗਰਗ, ਨਰੇਸ਼ ਡੰਡੇਵੱਢ, ਡਾ. ਮਦਨ ਮੋਹਨ ਬਾਂਸਲ, ਡਾ. ਮੁਕੇਸ਼ ਬਾਂਸਲ, ਡਾਕਟਰ ਵਿਕਰਮਜੀਤ, ਡਾਕਟਰ ਰਾਜਿੰਦਰ ਬਾਂਸਲ, ਅੰਮਿ੍ਤਪਾਲ ਗਰਗ, ਟੋਨੀ, ਕਮਲ, ਸੁਮਿਤ ਗਰਗ, ਪੱਪੂ ਬਾਂਸਲ, ਮਹਿਲਾ ਰਾਮ ਗਰਗ, ਹਰੀਸ਼ ਗੋਇਲ ਫ਼ਿਰੋਜ਼ਪੁਰ, ਜੌਲੀ ਨਿਹਾਲ ਸਿੰਘ ਵਾਲਾ, ਬਾਲਕਿ੍ਸ਼ਨ ਬਾਲੀ ਬਾਘਾ ਪੁਰਾਣਾ, ਸੁਮਨ ਸਿੰਗਲਾ ਗਿੱਦੜਬਾਹਾ 50 ਸਾਥੀਆਂ ਸਮੇਤ, ਰਿੰਪੀ ਬਰੀਵਾਲਾ, ਦਰਸ਼ਨ ਬਰੀਵਾਲਾ, ਅੰਮਿ੍ਤਪਾਲ ਵੜਿੰਗ, ਮਾਸਟਰ ਪਰਮਜੀਤ ਸਿੰਘ, ਜਸਵਿੰਦਰ ਸਿੰਘ, ਹਰਬੀਰ ਸਿੰਘ ਕਾਲੀ ਸੰਧੂ ਤੋਂ ਇਲਾਵਾ ਪੰਜਾਬ ਭਰ ਤੋਂ ਵੱਡੀ ਗਿਣਤੀ 'ਚ ਅਗਰਵਾਲ ਸਮਾਜ ਦੇ ਲੋਕ ਸ਼ਾਮਿਲ ਹੋਏ |