ਗਿੱਦੜਬਾਹਾ, 22 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਭਾਜਪਾ ਵਲੋਂ ਹਲਕੇ ਭਰ 'ਚ ਆਪਣੀਆਂ ਸਰਗਰਮੀਆਂ ਤੇਜ਼ ਕਰਦਿਆਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ | ਆਗੂਆਂ ਵਲੋਂ ਪਿੰਡਾਂ ਤੇ ਸ਼ਹਿਰ ਗਿੱਦੜਬਾਹਾ ਵਿਚ ਭਰਵੀਆਂ ਵਰਕਰ ਮੀਟਿੰਗਾਂ ਕੀਤੀਆਂ ਜਾ ਹੀਆਂ ਹਨ | ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵਲੋਂ ਪਿੰਡ ਕੋਟਭਾਈ ਵਿਖੇ ਸਰਪੰਚ ਬਾਬੂ ਸਿੰਘ ਦੇ ਗ੍ਰਹਿ ਆਪਣੇ ਸਮਰਥਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿਕਾਸ ਪ੍ਰਤੀ ਅਕਸਰ ਹੀ ਫ਼ਿਕਰਮੰਦ ਰਹਿੰਦੇ ਹਨ | ਜਦੋਂ ਵੀ ਉਨ੍ਹਾਂ ਨਾਲ ਮੁਲਾਕਾਤ ਹੁੰਦੀ ਹੈ ਤਾਂ ਉਹ ਪੰਜਾਬ ਦੇ ਹਾਲਾਤਾਂ 'ਤੇ ਚਿੰਤਾ ਜ਼ਾਹਿਰ ਕਰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਪਿੰਡਾਂ ਲਈ ਕੇਂਦਰ ਸਰਕਾਰ ਵਲੋਂ ਦਿਲ ਖੋਲ੍ਹ ਕੇ ਪੈਸਾ ਦਿੱਤਾ ਗਿਆ ਹੈ ਅਤੇ ਜੇਕਰ ਲੋੜ ਪਈ ਤਾਂ ਕੇਂਦਰ ਹੋਰ ਵੀ ਪੈਸਾ ਭੇਜੇਗੀ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਹੜ੍ਹ ਪੀੜਤਾਂ ਲਈ ਕੋਈ ਇੰਤਜਾਮ ਨਹੀਂ ਕੀਤੇ ਗਏ ਅਤੇ ਨਾ ਹੀ ਕਿਸੇ ਪਰਿਵਾਰ ਨੂੰ ਫੁੱਟੀ ਕੌਡੀ ਦਿੱਤੀ ਗਈ ਹੈ | ਸ. ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਜੇਕਰ ਵਿਕਾਸ ਦੀ ਰਫ਼ਤਾਰ ਤੇਜ਼ ਕਰਨੀ ਹੈ ਤਾਂ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਲਿਆਉਣੀ ਹੋਵੇਗੀ | ਇਸ ਮੌਕੇ ਰਣਜੀਤ ਸਿੰਘ ਮਾਸਟਰ, ਰੁਪਿੰਦਰ ਸਿੰਘ ਸਮਾਗ, ਹਰਜੀਤ ਸਿੰਘ ਨੀਲਾ ਮਾਨ, ਹਰਬੰਸ ਸਿੰਘ ਸੱਗੂ, ਪੰਪੀ ਸਰਪੰਚ, ਸਰਬਨ ਸਿੰਘ, ਓਮ ਪ੍ਰਕਾਸ਼ ਬਾਂਕੇ ਆਦਿ ਆਗੂ ਹਾਜ਼ਰ ਸਨ |