ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-ਪੁਲਿਸ ਵਿਭਾਗ ਵਲੋਂ ਨਸ਼ਾ ਤਸਕਰਾਂ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਲਗਾਤਾਰ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਇਸ ਸਬੰਧੀ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫ਼ਰੀਦਕੋਟ ਰੇਂਜ ਨਿਲਾਂਬਰੀ ਜਗਦਲੇ ਆਈ.ਪੀ.ਐਸ ਵਲੋਂ ਜ਼ਿਲ੍ਹੇ ਦੀ ਕਾਨੂੰਨ-ਵਿਵਸਥਾ ਦੀ ਸਮੀਖਿਆ ਕਰਨ ਲਈ ਉੱਚ-ਪੱਧਰੀ ਮੀਟਿੰਗ ਕੀਤੀ ਗਈ | ਉਨ੍ਹਾਂ ਨਾਲ ਐਸ.ਐਸ.ਪੀ ਡਾ. ਪ੍ਰਗਿਆ ਜੈਨ ਵੀ ਮੌਜੂਦ ਸਨ | ਮੀਟਿੰਗ ਵਿਚ ਫ਼ਰੀਦਕੋਟ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਮੁੱਖ ਅਫ਼ਸਰ ਥਾਣਾ, ਚੌਕੀ ਇੰਚਾਰਜ ਅਤੇ ਯੂਨਿਟ ਇੰਚਾਰਜ ਵੀ ਸ਼ਾਮਿਲ ਸਨ | ਡੀ.ਆਈ.ਜੀ ਫ਼ਰੀਦਕੋਟ ਰੇਂਜ ਨੇ ਸਮੂਹ ਅਧਿਕਾਰੀਆਂ ਨੂੰ ਆਉਣ ਵਾਲੇ ਦਿਨਾਂ ਅੰਦਰ ਤਿਉਹਾਰਾ ਦੇ ਮੱਦੇਨਜ਼ਰ ਕਾਨੂੰਨ-ਵਿਵਸਥਾ ਬਣਾਈ ਰੱਖਣ, ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੱਕੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ | ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸ਼ਰਾਰਤੀ ਤੱਤਾਂ ਅਤੇ ਅਪਰਾਧਿਕ ਅਨਸਰਾਂ ਵਿਰੁੱਧ ਜ਼ੀਰੋ-ਟਾਲਰੈਂਸ ਨੀਤੀ ਹੇਠ ਸਖ਼ਤ ਕਾਰਵਾਈ ਕਰਨ ਦੇ ਵੀ ਸਪੱਸ਼ਟ ਹੁਕਮ ਜਾਰੀ ਕੀਤੇ | ਉਨ੍ਹਾਂ ਸੇਫ਼ ਪੰਜਾਬ ਐਂਟੀ ਡਰੱਗ ਹੈਲਪਲਾਈਨ ਅਤੇ 112 ਹੈਲਪਲਾਈਨ 'ਤੇ ਮਿਲਣ ਵਾਲੀਆਂ ਸ਼ਿਕਾਇਤਾਂ 'ਤੇ ਫੌਰਨ ਐਕਸ਼ਨ ਲੈਣ ਲਈ ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤੇ | ਅੰਡਰਟਰਾਇਲ ਕੇਸਾਂ ਦੀ ਸਮੀਖਿਆ ਕਰਨ ਲਈ ਹਫ਼ਤਾਵਾਰ ਮੀਟਿੰਗਾਂ ਕਰਨ ਲਈ ਵੀ ਹੁੱਕਮ ਦਿੱਤੇ | ਡੀ.ਆਈ.ਜੀ ਵਲੋਂ ਕਮਿਊਨਿਟੀ ਪੁਲਿਸਿੰਗ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਅਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਛੋਟੇ ਮਸਲਿਆਂ ਦਾ ਨਿਪਟਾਰਾ ਹੇਠਲੇ ਪੱਧਰ 'ਤੇ ਹੀ ਕਰਿਆ ਜਾਵੇ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਵਿਚ ਅਮਨ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਮੁਹਿੰਮ ਚਲਾਈ ਜਾਵੇ | ਡਾ. ਪ੍ਰਗਿਆ ਜੈਨ ਐਸ.ਐਸ.ਪੀ ਨੇ ਦੱਸਿਆ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 1 ਮਾਰਚ 2025 ਤੋਂ ਲੈ ਕੇ ਹੁਣ ਤੱਕ ਪੁਲਿਸ ਵਲੋਂ 546 ਮੁਕੱਦਮੇ ਦਰਜ ਕਰਕੇ ਕੁੱਲ 863 ਨਸ਼ਾ ਤਸਕਰਾਂ ਨੂੰ ਗਿ੍ਫਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ 23 ਕਿਲੋ ਤੋਂ ਵੱਧ ਹੈਰੋਇਨ, 5 ਕਿਲੋ ਅਫੀਮ, 19 ਕੁਇੰਟਲ ਦੇ ਕਰੀਬ ਪੋਸਤ, 19 ਹਜ਼ਾਰ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 7 ਲੱਖ ਤੋਂ ਜ਼ਿਆਦਾ ਡਰੱਗ ਮਨੀ ਦੀ ਬਰਾਮਦਗੀ ਕੀਤੀ ਗਈ ਹੈ | ਸੇਫ ਪੰਜਾਬ ਐਂਟੀ ਡਰੱਗ ਹੈਲਪਲਾਈਨ 'ਤੇ ਮਿਲੀ ਜਾਣਕਾਰੀ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਹੁਣ ਤੱਕ 225 ਮੁਕੱਦਮੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ 275 ਦੋਸ਼ੀ ਗਿ੍ਫ਼ਤਾਰ ਕੀਤੇ ਗਏ ਹਨ |
ਡੀ.ਆਈ.ਜੀ ਫ਼ਰੀਦਕੋਟ ਰੇਂਜ ਵਲੋਂ ਐਸ.ਐਸ.ਪੀ ਸਮੇਤ ਸਮੂਹ ਪੁਲਿਸ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ <br/>
ਅਜੀਤ ਡੈਸਕ
26-09-2025