ਜੈਤੋ, 25 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਹਾਲ ਹੀ ਵਿਚ ਬਲਾਕ ਜੈਤੋ ਦੇ ਵੱਖ-ਵੱਖ ਇਲਾਕਿਆਂ ਤੋਂ ਲਏ ਗਏ ਪੀਣ ਵਾਲੇ ਪਾਣੀ ਦੇ ਨਮੂਨਿਆਂ ਦੀ ਜਾਂਚ ਦੌਰਾਨ 6 ਆਰ.ਓਆਂ ਦਾ ਪਾਣੀ ਪੀਣ ਯੋਗ ਨਹੀਂ ਪਾਇਆ ਗਿਆ | ਇਸ ਸਬੰਧ ਵਿਚ ਵਧੀਕ ਡਿਪਟੀ ਕਮਿਸ਼ਨਰ ਹਰਜੋਤ ਕੌਰ ਨੇ ਸੀਵਰੇਜ ਬੋਰਡ ਅਤੇ ਜਨ ਸਿਹਤ ਵਿਭਾਗ, ਨਗਰ ਕੌਂਸਲ ਜੈਤੋ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਲਦ ਤੋਂ ਜਲਦ ਖਰਾਬ ਆਰ.ਓ. ਮਸ਼ੀਨਾਂ ਨੂੰ ਠੀਕ ਕਰਕੇ ਲੋਕਾਂ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇ | ਉਨ੍ਹਾਂ ਆਮ ਲੋਕਾਂ ਨੂੰ ਸੂਚਿਤ ਕੀਤਾ ਕਿ ਜਦ ਤੱਕ ਇਹ ਸਮੱਸਿਆ ਹੱਲ ਨਹੀਂ ਹੁੰਦੀ, ਉਦੋਂ ਤੱਕ ਉਹ ਵਾਟਰ ਵਰਕਸ ਸਪਲਾਈ ਦੇ ਪੀਣ ਵਾਲੇ ਪਾਣੀ ਦੀ ਵਰਤੋਂ ਹੀ ਕਰਨ | ਜਿਨ੍ਹਾਂ ਆਰ.ਓਆਂ ਦੇ ਪਾਣੀ ਦਾ ਸੈਂਪਲ ਫ਼ੇਲ੍ਹ ਪਾਇਆ ਗਿਆ ਹੈ, ਉਨ੍ਹਾਂ ਵਿਚ ਸਦਰ ਥਾਣਾ ਜੈਤੋ, ਐਚ.ਬੀ.ਆਰ.ਓ. ਹਿੰਮਤਪੁਰਾ ਬਸਤੀ, ਗੁਰਮੇਲ ਸਿੰਘ ਪੁੱਤਰ ਮੰਗਲ ਸਿੰਘ (ਨੇੜੇ ਬਾਲਮੀਕਿ ਕਲੋਨੀ ਬਠਿੰਡਾ ਰੋਡ ਜੈਤੋ), ਗੁਰਕਿਰਪਾ ਆਰ.ਓ. ਫਿਲਟਰ ਵਾਟਰ ਬਾਲਮੀਕਿ ਕਲੋਨੀ ਜੈਤੋ, ਸੁਖਦੇਵ ਸਿੰਘ ਪੁੱਤਰ ਨਛੱਤਰ ਸਿੰਘ (ਮੁਕਤਸਰ ਰੋਡ ਜੈਤੋ) ਅਤੇ ਰਣਜੀਤ ਸਿੰਘ ਪੁੱਤਰ ਰੁਲਦੂ ਸਿੰਘ (ਮੁਕਤਸਰ ਰੋਡ ਜੈਤੋ) ਸ਼ਾਮਿਲ ਹਨ | ਵਧੀਕ ਡਿਪਟੀ ਕਮਿਸ਼ਨਰ ਨੇ ਜੈਤੋ ਦੌਰੇ ਦੌਰਾਨ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਨਾਜਾਇਜ਼ ਤੌਰ 'ਤੇ ਚੱਲ ਰਹੇ ਪਾਣੀ ਦੇ ਕੁਨੈਕਸ਼ਨਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ, ਕਿਉਂਕਿ ਅਜਿਹੇ ਕੁਨੈਕਸ਼ਨਾਂ ਕਾਰਨ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਨਾਲ ਮਿਕਸ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਜਲਦ ਹੀ ਸਾਰੇ ਪ੍ਰਭਾਵਿਤ ਆਰ.ਓਆਂ ਨੂੰ ਦੁਬਾਰਾ ਸਹੀ ਕਰਕੇ ਸੁਰੱਖਿਅਤ ਪੀਣ ਵਾਲਾ ਪਾਣੀ ਉਪਲਬਧ ਕਰਵਾ ਦਿੱਤਾ ਜਾਵੇਗਾ |