ਕੋਟਕਪੂਰਾ, 25 ਸਤੰਬਰ (ਮੋਹਰ ਸਿੰਘ ਗਿੱਲ)-ਰਾਤ ਸਮੇਂ ਕਿਸੇ ਬੇਸਹਾਰਾ ਪਸ਼ੂ ਦੇ ਅੱਗੇ ਆ ਜਾਣ ਕਾਰਨ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦੇਵੀ ਵਾਲਾ ਦਾ ਵਸਨੀਕ ਨੌਜਵਾਨ ਗੁਰਕੀਰਤਨ ਸਿੰਘ (28) ਪੁੱਤਰ ਸਵ. ਰਾਜਾ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਰਾਤ ਸਮੇਂ ਕੋਟਕਪੂਰਾ ਤੋਂ ਆਪਣੇ ਪਿੰਡ ਦੇਵੀਵਾਲਾ ਨੂੰ ਪਰਤ ਰਿਹਾ ਸੀ ਕਿ ਪਿੰਡ ਦੇ ਨੇੜੇ ਜਾ ਕੇ ਸੜਕ ਵਿਚਕਾਰ ਅਚਾਨਕ ਕੋਈ ਬੇਸਹਾਰਾ ਪਸ਼ੂ ਆ ਜਾਣ ਕਾਰਨ ਸੜਕ 'ਤੇ ਡਿੱਗ ਪਿਆ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਮੌਕੇ 'ਤੇ ਪਿੰਡ ਵਾਸੀਆਂ ਨੇ ਉਸ ਨੂੰ ਇਲਾਜ ਲਈ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਹੁੰਚਾਇਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਮਿ੍ਤਕ ਨੌਜਵਾਨ ਅਜੇ ਕੁਆਰਾ ਅਤੇ ਗ਼ਰੀਬ ਪਰਿਵਾਰ ਨਾਲ ਰੱਖਦਾ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਕੋਟਕਪੂਰਾ ਵਿਖੇ ਇਕ ਫ਼ਲਾਵਰ ਡੈਕਰੇਸ਼ਨ ਵਾਲੀ ਦੁਕਾਨ 'ਤੇ ਲੱਗਾ ਹੋਇਆ ਸੀ | ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਵਲੋਂ ਮੌਕੇ 'ਤੇ ਪੁੱਜ ਕੇ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |