ਨਿਹਾਲ ਸਿੰਘ ਵਾਲਾ, 27 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਵਿਦਿਆਰਥੀਆਂ ਨੂੰ ਗੌਰਵਮਈ ਵਿਰਸੇ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਗੁਰਮਤਿ ਮੁਕਾਬਲਿਆਂ 'ਚ ਮੋਹਰੀ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਗੁਰੂ ਨਾਨਕ ਮਲਟੀ ਵਰਸਿਟੀ ਵਲੋਂ ਭਾਈ ਜਸਵਿੰਦਰ ਸਿੰਘ ਖਾਲਸਾ ਇੰਗਲੈਂਡ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਗੁਰਮਤਿ ਮੁਕਾਬਲਿਆਂ 'ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਹੋਣਹਾਰ ਬੱਚਿਆਂ ਦਾ ਕੀਤਾ ਗਿਆ | ਇਸ ਸਮੇਂ ਜ਼ੋਨ ਇੰਚਾਰਜ ਭਾਈ ਸੋਹਣ ਸਿੰਘ ਰੌਂਤਾ ਨੇ ਦੱਸਿਆ ਕਿ ਗੁਰੂ ਨਾਨਕ ਮਲਟੀ ਵਰਸਿਟੀ ਵਲੋਂ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਅਤੇ ਰੰਘਰੇਟਾ ਗੁਰ ਕਾ ਬੇਟਾ ਦਾ 350 ਸਾਲਾ ਬਖਸਿਸ਼ ਦਿਵਸ ਨੂੰ ਸਮਰਪਿਤ ਗੁਰਮਤਿ ਮੁਕਾਬਲੇ ਕਰਵਾਏ ਗਏ ਸਨ | ਇਸ ਪਰੀਖਿਆ ਵਿਚ ਵੱਖ-ਵੱਖ ਗਰੁੱਪਾਂ ਦੇ ਬੱਚਿਆਂ ਨੇ ਭਰਵੀਂ ਸ਼ਮੂਲੀਅਤ ਕਰਕੇ ਨਿਰਧਾਰਿਤ ਪਾਠਕ੍ਰਮ ਵਿਚੋਂ ਪਰੀਖਿਆ ਦਿੱਤੀ | ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਤੇ ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਅਦਾਰਾ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਦੀ ਗੌਰਵਮਈ ਵਿਰਾਸਤ ਅਤੇ ਮਾਣਮੱਤੇ ਇਤਿਹਾਸ ਨਾਲ ਜੋੜਨ ਲਈ ਸਦਾ ਯਤਨਸ਼ੀਲ ਹੈ | ਵਾਈਸ ਪਿ੍ੰਸੀਪਲ ਮੀਨਾ ਜੈਨ, ਪ੍ਰੋਗਰਾਮ ਅਫਸਰ ਗੁਰਚਰਨ ਸਿੰਘ ਰਾਮਾਂ, ਸਟਾਫ ਨੇ ਹੋਣਹਾਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ |