ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਹਰਮਹਿੰਦਰ ਪਾਲ)-ਸ਼ਹਿਰ ਵਿਚ ਘੁੰਮ ਰਹੇ ਈ-ਰਿਕਸ਼ਾ ਟ੍ਰੈਫ਼ਿਕ ਜਾਮ ਦਾ ਸੱਭ ਤੋਂ ਵੱਡਾ ਕਾਰਨ ਬਣ ਰਹੇ ਹਨ | ਹੁਣ ਜਿਵੇਂ ਕਿ ਤਿਉਹਾਰਾਂ ਦਾ ਸੀਜ਼ਨ ਆ ਚੁੱਕਾ ਹੈ ਤੇ ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਵਾਲੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ, ਪਰ ਇਸ ਭੀੜ ਵਿਚ ਸਭ ਤੋਂ ਅਹਿਮ ਰੋਲ ਤਾਂ ਇਹ ਈ-ਰਿਕਸ਼ਾ ਵਾਲੇ ਅਦਾ ਕਰਦੇ ਹਨ, ਕਿਉਂਕਿ ਇਹ ਈ-ਰਿਕਸ਼ੇ ਸ਼ਹਿਰ ਦੀਆਂ ਭੀੜੀਆਂ ਗਲੀਆਂ ਵਿਚ ਵੀ ਆਮ ਦੇਖੇ ਜਾ ਸਕਦੇ ਹਨ | ਐਨਾ ਹੀ ਨਹੀਂ, ਇਨ੍ਹਾਂ ਈ-ਰਿਕਸ਼ਿਆਂ ਦੀ ਗਿਣਤੀ ਐਨੀ ਜ਼ਿਆਦਾ ਵਧ ਚੁੱਕੀ ਹੈ ਕਿ ਸ਼ਹਿਰ ਵਿਚ ਟ੍ਰੈਫ਼ਿਕ ਸਮੱਸਿਆ ਦਾ ਮੁੱਖ ਕਾਰਨ ਵੀ ਇਹ ਈ-ਰਿਕਸ਼ਾ ਬਣ ਚੁੱਕੇ ਹਨ | ਭਾਵੇਂ ਕਿ ਸਰਕਾਰ ਵਲੋਂ ਈ-ਰਿਕਸ਼ਾ ਦੀ ਰਜਿਸਟ੍ਰੇਸ਼ਨ ਜ਼ਰੂਰੀ ਕਰ ਦਿੱਤੀ ਹੈ, ਪਰ ਕਾਫ਼ੀ ਈ-ਰਿਕਸ਼ੇ ਵਾਲੇ ਇਸ ਚੀਜ਼ ਤੋਂ ਜਾਗਰੂਕ ਨਹੀਂ ਹਨ, ਜਿਸ ਕਰਕੇ ਉਨ੍ਹਾਂ ਵਲੋਂ ਰਜਿਸਟ੍ਰੇਸ਼ਨ ਨਹੀਂ ਕਰਵਾਈ ਗਈ | ਪ੍ਰਸ਼ਾਸਨ ਵੀ ਇਸ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਰਿਹਾ | ਐਨਾ ਹੀ ਨਹੀਂ, ਇਹ ਈ-ਰਿਕਸ਼ਾ ਵਾਲੇ ਟ੍ਰੈਫ਼ਿਕ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਉਂਦੇ ਹਨ | ਇਹ ਈ-ਰਿਕਸ਼ਾ ਵਾਲੇ ਆਪਣੇ ਫ਼ਾਇਦੇ ਲਈ ਜ਼ਰੂਰਤ ਤੋਂ ਵੱਧ ਸਵਾਰੀਆਂ ਬਿਠਾ ਲੈਂਦੇ ਹਨ, ਜਿਸ ਕਾਰਨ ਕਈ ਵਾਰ ਵੱਡੇ ਹਾਦਸੇ ਵੀ ਵਾਪਰ ਜਾਂਦੇ ਹਨ | ਅਕਸਰ ਹੀ ਦੇਖਣ ਵਿਚ ਆਇਆ ਹੈ ਕਿ ਇਹ ਈ-ਰਿਕਸ਼ਾ ਵਾਲੇ ਸਕੂਲੀ ਬੱਚਿਆਂ ਨੂੰ ਵੀ ਪੂਰੀ ਤਰ੍ਹਾਂ ਈ-ਰਿਕਸ਼ੇ ਵਿਚ ਲੱਦ ਕੇ ਲੈ ਕੇ ਜਾਂਦੇ ਹਨ, ਜਿਸ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਸ਼ਹਿਰ ਵਿਚ ਦਿਨੋਂ-ਦਿਨ ਇਨ੍ਹਾਂ ਦੀ ਵੱਧ ਰਹੀ ਗਿਣਤੀ ਹੁਣ ਸ਼ਹਿਰ ਵਾਸੀਆਂ ਲਈ ਇਕ ਵੱਡੀ ਮੁਸੀਬਤ ਬਣ ਰਹੀ ਹੈ | ਸ਼ਹਿਰ ਦੇ ਕਿਸੇ ਵੀ ਹਿੱਸੇ 'ਚ ਚਲੇ ਜਾਓ, ਉੱਥੇ ਇਨ੍ਹਾਂ ਈ-ਰਿਕਸ਼ਿਆਂ ਦੀਆਂ ਡਾਰਾਂ ਦਿਖਾਈ ਦਿੰਦੀਆਂ ਹਨ, ਜਿਸ ਕਰਕੇ ਹੋਰ ਦੂਜੇ ਵਹੀਕਲਾਂ ਨੂੰ ਲੰਘਣ ਦੀ ਥਾਂ ਨਹੀਂ ਮਿਲਦੀ | ਇਨ੍ਹਾਂ ਈ-ਰਿਕਸ਼ਿਆਂ ਨੂੰ ਜ਼ਿਆਦਾਤਰ ਅਣਟਰੇਂਡ ਡਰਾਈਵਰ ਚਲਾਉਂਦੇ ਹਨ, ਜਿਨ੍ਹਾਂ ਵਿਚ ਪ੍ਰਵਾਸੀ ਮਜ਼ਦੂਰ, ਛੋਟੀ ਉਮਰ ਦੇ ਬੱਚੇ ਇਥੋਂ ਤੱਕ ਕਿ ਸੈਂਕੜੇ ਅਪਾਹਜ਼ ਵਿਅਕਤੀ ਵੀ ਈ-ਰਿਕਸ਼ੇ ਚਲਾਉਂਦੇ ਦਿਖਾਈ ਦਿੰਦੇ ਹਨ | ਇਹ ਈ-ਰਿਕਸ਼ੇ ਲੰਬੀਆਂ ਲਾਇਨਾਂ ਬਣਾ ਕੇ ਸੜਕਾਂ 'ਤੇ ਚੱਲਦੇ ਹਨ | ਲੋਕਾਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਨੂੰ ਕੋਈ ਢੁਕਵੀਂ ਰਣਨੀਤੀ ਬਣਾਉਣੀ ਚਾਹੀਦੀ ਹੈ, ਇਨ੍ਹਾਂ ਦਾ ਰੂਟ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ, ਇਸ ਦੇ ਖੜ੍ਹਨ ਦਾ ਸਥਾਨ ਨਿਸ਼ਚਿਤ ਹੋਣਾ ਚਾਹੀਦਾ ਹੈ | ਇਨ੍ਹਾਂ ਲਈ ਕੋਈ ਠੋਸ ਨੀਤੀ ਨਾ ਬਣਾਈ ਗਈ ਤਾਂ ਆਉਣ ਵਾਲੇ ਸਮੇਂ ਦੌਰਾਨ ਸ਼ਹਿਰ ਦੀਆਂ ਸੜਕਾਂ 'ਤੇ ਈ-ਰਿਕਸ਼ਿਆਂ ਕਾਰਨ ਲੋਕਾਂ ਦਾ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਜਾਵੇਗਾ |