ਬਾਘਾ ਪੁਰਾਣਾ, 27 ਸਤੰਬਰ (ਟਿੰਕੂ ਕਾਠਪਾਲ)- ਛੋਟੇ ਜਿਹੇ ਸ਼ਹਿਰ ਬਾਘਾ ਪੁਰਾਣਾ ਅੰਦਰ ਪਹਿਲਾਂ ਹੀ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਰਕੇ ਬਾਘਾ ਪੁਰਾਣਾ ਅੰਦਰ ਟਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ ਤੇ ਜਦੋਂ ਕਦੀ ਕੋਈ ਵਹੀਕਲ ਚਾਲਕ ਨੋ ਪਾਰਕਿੰਗ ਭਾਵ ਸੜਕ 'ਤੇ ਆਪਣਾ ਵਹੀਕਲ ਖੜ੍ਹਾ ਕਰਕੇ ਚਲਾ ਜਾਵੇ ਤਾਂ ਵਹੀਕਲਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਜਿਸ ਕਾਰਨ ਲੋਕਾਂ ਦਾ ਪੈਦਲ ਤੁਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ | ਦੂਜੇ ਪਾਸੇ ਜੇਕਰ ਸ਼ਹਿਰ ਅੰਦਰ ਈ ਰਿਕਸ਼ਾ ਚਾਲਕਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਅੰਦਰ ਦਿਨੋਂ ਦਿਨ ਈ ਰਿਕਸ਼ਾ ਚਾਲਕਾਂ ਦੀ ਭਰਮਾਰ ਏਨੀ ਜ਼ਿਆਦਾ ਵਧ ਗਈ ਹੈ ਕਿ ਹਰ ਕੋਈ ਈ ਰਿਕਸ਼ਾ ਲੈ ਕੇ ਆਪਣਾ ਰੋਜ਼ਗਾਰ ਚਲਾ ਰਿਹਾ ਹੈ ਪਰ ਬਹੁਤ ਸਾਰੇ ਲੋਕ ਜੋ ਈ ਰਿਕਸ਼ਾ ਚਲਾਉਂਦੇ ਹਨ ਉਨ੍ਹਾਂ ਨੂੰ ਟਰੈਫਿਕ ਨਿਯਮਾਂ ਦੀ ਭੋਰਾ ਭਰ ਵੀ ਸੂਝ-ਬੂਝ ਨਾ ਹੋਣ ਕਰਕੇ ਜਿੱਥੇ ਉਹ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਉੱਥੇ ਹੀ ਜਿੱਥੇ ਮਰਜ਼ੀ ਤੁਰੇ ਜਾਂਦੀ ਔਰਤ ਜਾਂ ਮਰਦ ਨੂੰ ਦੇਖ ਕੇ ਬਰੇਕ ਲਾ ਦਿੰਦੇ ਹਨ ਪਰ ਬਰੇਕ ਲਾਉਣ ਸਮੇਂ ਨਾ ਤਾਂ ਉਹ ਦੇਖਦੇ ਹਨ ਕਿ ਪਿਛੇ ਕੌਣ ਆ ਰਿਹਾ ਜਾਂ ਅੱਗੇ | ਉਹ ਸੜਕ ਦੇ ਵਿਚਕਾਰ ਹੀ ਬਰੇਕ ਲਾ ਕੇ ਟਰੈਫਿਕ ਵਿਚ ਵਿਘਨ ਪਾ ਦਿੰਦੇ ਹਨ | ਇਸ ਤਰ੍ਹਾਂ ਜਿੱਥੇ ਟਰੈਫਿਕ ਵਿਚ ਵਿਘਨ ਪੈਂਦਾ ਹੈ ਉੱਥੇ ਹਰ ਰੋਜ਼ ਛੋਟੇ ਮੋਟੇ ਹਾਦਸੇ ਵਾਪਰਦੇ ਰਹਿੰਦੇ ਹਨ | ਇਸ ਮੌਕੇ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀਆਂ ਵਲੋਂ ਟਰੈਫਿਕ ਪੁਲਿਸ ਤੋਂ ਮੰਗ ਕੀਤੀ ਕਿ ਬਿਨਾਂ ਕਾਗਜ਼ਾਤ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਈ ਰਿਕਸ਼ਾ ਚਾਲਕਾਂ 'ਤੇ ਕਾਰਵਾਈ ਕੀਤੀ ਜਾਵੇ |