ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ ਗੁਰਦਰਸ਼ਨ ਸਿੰਘ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ, ਫ਼ਿਰੋਜ਼ਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 103 ਇੰਨਫੈਟਰੀ ਬਟਾਲੀਅਨ (ਟੀ.ਏ.) ਸਿਖਲਾਈ ਵਲੋਂ 17 ਤੋਂ 30 ਨਵੰਬਰ ਤੱਕ ਲੁਧਿਆਣਾ ਵਿਖੇ ਵੱਖ-ਵੱਖ ਟਰੇਡਾਂ ਲਈ ਕੁੱਲ 730 ਆਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਦੀ ਟ੍ਰੇਨਿੰਗ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਚੱਲ ਰਹੀ ਹੈ | ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਮੋਗਾ ਜ਼ਿਲਿ੍ਹਆਂ ਦੇ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰਨ | 730 ਵੱਖ-ਵੱਖ ਆਸਾਮੀਆਂ, ਪੜ੍ਹਾਈ ਯੋਗਤਾ ਅਤੇ ਸਰੀਰਕ ਮਾਪਦੰਡ ਦਾ ਵੇਰਵਾ ਇਸ ਅਨੁਸਾਰ ਹੈ, ਜਿਸ ਵਿਚ ਜਨਰਲ ਡਿਊਟੀ ਦੀਆਂ 716 ਆਸਾਮੀਆਂ ਲਈ ਯੋਗਤਾ 10ਵੀਂ 45 ਫ਼ੀਸਦੀ ਅੰਕ, ਕਲਰਕ ਦੀਆਂ 2 ਆਸਾਮੀਆਂ ਲਈ ਯੋਗਤਾ 12ਵੀਂ 60 ਫ਼ੀਸਦੀ ਅੰਕ, ਕੁੱਕ ਸ਼ੈੱਫ ਦੀਆਂ 6 ਆਸਾਮੀਆਂ, ਈ.ਆਰ. ਦੀਆਂ 2 ਆਸਾਮੀਆਂ ਅਤੇ ਟੇਲਰ ਦੀਆਂ 2 ਆਸਾਮੀਆਂ ਲਈ ਯੋਗਤਾ 10ਵੀਂ ਪਾਸ, ਹਾਊਸ ਕੀਪਰ ਤੇ ਮੈਸ ਕੀਪਰ ਦੀ 1-1 ਆਸਾਮੀ ਲਈ ਯੋਗਤਾ ਅੱਠਵੀਂ ਪਾਸ ਲਾਜ਼ਮੀ ਹੈ | ਸਾਰੀਆਂ ਆਸਾਮੀਆਂ ਲਈ ਉਮਰ 18 ਤੋਂ 42 ਸਾਲ ਅਤੇ ਸਰੀਰਕ ਮਾਪਦੰਡ ਲੰਬਾਈ 106 ਸੈ.ਮੀ., ਛਾਤੀ 77-82 ਅਤੇ ਭਾਰ 50 ਕਿੱਲੋਂ ਲਾਜ਼ਮੀ ਹੈ | ਉਨ੍ਹਾਂ ਦੱਸਿਆ ਕਿ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਮੋਗਾ ਜਿਲ੍ਹੇ ਦੇ ਜੋ ਨੌਜਵਾਨ ਉਪਰੋਕਤ ਆਸਾਮੀਆਂ ਲਈ ਲਿਖ਼ਤੀ ਤੇ ਫ਼ਿਜੀਕਲ ਟ੍ਰੇਨਿੰਗ ਲੈਣਾ ਚਾਹੁੰਦੇ ਹਨ, ਉਹ ਜਲਦੀ ਤੋਂ ਜਲਦੀ ਸਵੇਰੇ 9 ਵਜੇ ਤੋਂ 11:30 ਵਜੇ ਤੱਕ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਆਪਣਾ ਨਾਂਅ ਦਰਜ ਕਰਵਾਉਣ ਲਈ ਰਿਪੋਰਟ ਕਰਨ |