ਕੋਟਕਪੂਰਾ, 19 ਅਕਤੂਬਰ (ਮੇਘਰਾਜ)-ਬਾਬਾ ਦੀਪ ਸਿੰਘ ਗਤਕਾ ਸੁਸਾਇਟੀ ਦੇ ਬੱਚਿਆਂ ਵਲੋਂ ਕੋਚ ਗੁਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ 'ਚ ਦਿੱਲੀ ਵਿਖੇ 22 ਰਾਜਾਂ ਦੇ ਹੋਏ ਕੌਮੀ ਪੱਧਰ ਮੁਕਾਬਲਿਆਂ ਦੌਰਾਨ 9 ਸੋਨ ਮੈਡਲ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਜੇਤੂ ਟੀਮ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਗਤਕਾ ਇਕ ਖੇਡ ਹੀ ਨਹੀਂ, ਬਲਕਿ ਇਕ ਕਲਾ ਹੈ, ਇਸ ਤੋਂ ਇਲਾਵਾ ਸਵੈ ਰੱਖਿਆ ਲਈ ਬਹੁਤ ਵਧੀਆ ਤਕਨੀਕ ਹੈ | ਉਨ੍ਹਾਂ ਗਤਕਾ ਕੋਚ ਗੁਰਪ੍ਰੀਤ ਸਿੰਘ ਖਾਲਸਾ ਅਤੇ ਸਮਾਜ ਸੇਵੀ ਬਲਤੇਜ ਸਿੰਘ ਖਾਲਸਾ ਦੇ ਉਕਤ ਉਪਰਾਲਿਆਂ ਦੀ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਅਤੇ ਆਰਟ ਪ੍ਰਤੀ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਿਆ ਖਰਚਿਆ ਜਾ ਰਿਹਾ ਹੈ | ਇਸ ਮੌਕੇ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਸਰਪ੍ਰਸਤ ਬਲਤੇਜ ਸਿੰਘ ਖਾਲਸਾ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ |