ਮਾਨਸਾ, 19 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ, ਰਾਵਿੰਦਰ ਸਿੰਘ ਰਵੀ)- ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੇ ਮੱਦੇਨਜ਼ਰ ਸਥਾਨਕ ਸ਼ਹਿਰ ਦੇ ਬਾਜ਼ਾਰਾਂ 'ਚ ਗਹਿਮਾ ਗਹਿਮੀ ਵੇਖਣ ਨੂੰ ਮਿਲੀ | ਭਾਵੇਂ ਪਿਛਲੇ ਕਈ ਦਿਨਾਂ ਤੋਂ ਰੌਣਕ ਫਿੱਕੀ ਸੀ ਪਰ ਅੱਜ ਦੁਕਾਨਦਾਰਾਂ ਦੇ ਚਿਹਰੇ ਖਿੜੇ ਹੋਏ ਸਨ | ਅੱਜ ਸ਼ਹਿਰ ਦਾ ਦੌਰਾ ਕਰਨ 'ਤੇ ਵੇਖਿਆ ਗਿਆ ਕਿ ਮਨਿਆਰੀ ਵਾਲੀਆਂ ਦੁਕਾਨਾਂ 'ਤੇ ਖ਼ੂਬ ਭੀੜ ਲੱਗੀ ਸੀ ਜਦਕਿ ਮਠਿਆਈਆਂ ਦੀ ਖ਼ਰੀਦਦਾਰੀ ਘੱਟ ਸੀ | ਦੁਪਹਿਰ ਤੋਂ ਬੱਸ ਸਟੈਂਡ ਤੋਂ ਰੇਲਵੇ ਫਾਟਕ ਤੱਕ ਅਤੇ ਗਊਸ਼ਾਲਾ ਰੋਡ 'ਤੇ ਏਨੀ ਜ਼ਿਆਦਾ ਭੀੜ ਸੀ ਕਿ ਵਾਹਨ ਲੰਘਾਉਣੇ ਵੀ ਔਖੇ ਸਨ | ਭਾਵੇਂ ਪ੍ਰਸ਼ਾਸਨ ਵਲੋਂ ਪਟਾਕੇ ਵੇਚਣ ਲਈ ਥਾਂ ਨਿਸ਼ਚਿਤ ਕੀਤੀ ਹੋਈ ਹੈ ਪਰ ਦੁਕਾਨਦਾਰ ਦੁਕਾਨਾਂ ਅੰਦਰ ਹੀ ਵੱਡੇ ਪਟਾਕੇ ਵੇਚਦੇ ਵੇਖੇ ਗਏ ਜਦਕਿ ਬਹੁਤਿਆਂ ਨੇ ਦੁਕਾਨਾਂ ਦੇ ਬਾਹਰ ਸਟਾਲਾਂ ਵੀ ਲਗਾਈਆਂ ਹੋਈਆਂ ਸਨ | ਇਸੇ ਤਰ੍ਹਾਂ ਮਿਠਾਈ ਵਿਕਰੇਤਾ ਵੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ | ਵਸਤਾਂ ਢਕੀਆਂ ਨਹੀਂ ਸਨ ਅਤੇ ਮਠਿਆਈਆਂ 'ਤੇ ਮੱਖੀਆਂ ਭਿਣਕ ਰਹੀਆਂ ਸਨ | ਲੋਕਾਂ ਵਲੋਂ ਅੱਜ ਹੀ ਘਰਾਂ ਤੇ ਦੁਕਾਨਾਂ ਆਦਿ 'ਤੇ ਦੀਪ ਮਾਲਾ ਕਰ ਦਿੱਤੀਆਂ ਗਈਆਂ ਹਨ | ਲੋਕੀ ਮਠਿਆਈਆਂ ਦੀ ਬਜਾਏ ਫਰੂਟ ਤੇ ਸੁੱਕੇ ਮੇਵੇ ਖ਼ਰੀਦਣ ਨੂੰ ਤਰਜੀਹ ਦੇ ਰਹੇ ਹਨ |
ਜ਼ਿਆਦਾਤਰ ਕਿਸਾਨ ਖ਼ਰੀਦ ਕੇਂਦਰਾਂ 'ਚ ਮਨਾਉਣਗੇ ਦੀਵਾਲੀ
-ਪਿਛਲੇ ਕਈ ਦਿਨਾਂ ਤੋਂ ਝੋਨੇ ਦੀ ਕਟਾਈ ਜ਼ੋਰਾਂ 'ਤੇ ਹੈ ਅਤੇ ਜ਼ਿਲ੍ਹੇ ਦੇ ਕਾਫ਼ੀ ਖ਼ਰੀਦ ਕੇਂਦਰਾਂ 'ਚ ਫ਼ਸਲ ਦੀ ਆਮਦ ਹੋ ਚੁੱਕੀ ਹੈ | ਪੰਜਾਬ ਸਰਕਾਰ ਵਲੋਂ ਨਮੀ ਦੀ ਮਾਤਰਾ 17 ਫ਼ੀਸਦੀ ਮਿਥੀ ਹੋਈ ਹੈ ਜਦਕਿ ਮੰਡੀਆਂ 'ਚ ਆਏ ਝੋਨੇ ਦੀ ਨਮੀ ਇਸ ਤੋਂ ਕਿਤੇ ਵੱਧ ਹੈ, ਜਿਸ ਕਰਕੇ ਬਹੁਤੀਆਂ ਢੇਰੀਆਂ ਦੀ ਖ਼ਰੀਦ ਨਹੀਂ ਹੋਈ | ਇਸ ਕਰਕੇ ਜ਼ਿਆਦਾਤਰ ਕਿਸਾਨ ਖ਼ਰੀਦ ਕੇਂਦਰਾਂ 'ਚ ਹੀ ਦੀਵਾਲੀ ਮਨਾਉਣਗੇ | ਕਿਸਾਨਾਂ ਨੇ ਦੱਸਿਆ ਕਿ ਹੜ੍ਹਾਂ ਕਾਰਨ ਐਤਕੀਂ ਝਾੜ ਵੀ ਘਟਿਆ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਨਮੀ ਦੀ ਮਾਤਰਾ 17 ਤੋਂ ਵਧਾ ਕੇ 20 ਫ਼ੀਸਦੀ ਕੀਤੀ ਜਾਵੇ |
ਬੰਦੀ ਛੋੜ ਦਿਵਸ 'ਤੇ ਛੁੱਟੀ ਕਰਨ ਦੀ ਮੰਗ
-ਉੱਧਰ ਵੱਖ-ਵੱਖ ਸਿੱਖ ਸੰਸਥਾਵਾਂ ਤੇ ਮੁਲਾਜ਼ਮ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੰਦੀ ਛੋੜ ਦਿਵਸ ਮੌਕੇ 21 ਅਕਤੂਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ | ਉਨ੍ਹਾਂ ਦਾ ਕਹਿਣਾ ਹੈ ਕਿ ਛੇਵੇਂ ਪਾਤਿਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਵਲੋਂ ਗਵਾਲੀਅਰ ਕਿਲੇ 'ਚੋਂ ਰਿਹਾਈ ਸਮੇਂ 52 ਹਿੰਦੂ ਰਾਜਿਆਂ ਨੂੰ ਵੀ ਆਪਣੇ ਨਾਲ ਰਿਹਾਅ ਕਰਵਾਇਆ ਸੀ ਅਤੇ ਦੀਵਾਲੀ ਵਾਲੇ ਦਿਨ ਇਹ ਰਿਹਾਈ ਹੋਣ ਕਰਕੇ ਸਿੱਖ ਪੰਥ ਵਲੋਂ ਉਦੋਂ ਤੋਂ ਅੱਜ ਤੱਕ ਖ਼ੁਸ਼ੀ ਮਨਾਈ ਜਾਂਦੀ ਹੈ ਪਰ ਇਸ ਵਾਰ ਦੀਵਾਲੀ ਤੇ ਬੰਦੀ ਛੋੜ ਦਿਵਸ ਵੱਖ-ਵੱਖ ਦਿਨ ਮਨਾਏ ਜਾ ਰਹੇ ਹਨ, ਇਸ ਲਈ ਸਰਕਾਰ ਬੰਦੀ ਛੋੜ ਦਿਵਸ ਦੇ ਮੱਦੇਨਜ਼ਰ ਸਰਕਾਰੀ ਛੁੱਟੀ ਐਲਾਨੇ |
ਦੀਵਾਲੀ ਅੱਜ ਜਾਂ ਕੱਲ੍ਹ?
-ਦੀਵਾਲੀ ਦਾ ਤਿਉਹਾਰ ਮਨਾਉਣ ਪ੍ਰਤੀ ਇਸ ਵਾਰ ਲੋਕਾਂ 'ਚ ਭੰਬਲਭੂਸਾ ਹੈ | ਪੰਜਾਬ ਸਰਕਾਰ ਵਲੋਂ ਦੀਵਾਲੀ ਦੇ ਮੱਦੇਨਜ਼ਰ 20 ਅਕਤੂਬਰ ਨੂੰ ਗਜ਼ਟਿਡ ਛੁੱਟੀ ਕੀਤੀ ਗਈ ਹੈ ਅਤੇ 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ ਹੈ | ਇਸ ਤੋਂ ਪਹਿਲਾਂ ਦੀਵਾਲੀ ਤੋਂ ਅਗਲੇ ਦਿਨ ਵਿਸ਼ਵਕਰਮਾ-ਡੇਅ ਆਉਂਦਾ ਸੀ | ਐਤਕੀਂ ਬੰਦੀ ਛੋੜ ਦਿਵਸ ਵੀ 21 ਅਕਤੂਬਰ ਦਾ ਹੈ | ਇਸੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਦੇ ਨਾਂਅ ਸੰਦੇਸ਼ ਵੀ ਜਾਰੀ ਕਰਨਗੇ | ਭਾਵੇਂ ਦੀਵਾਲੀ ਦੇਸ਼ ਵਾਸੀਆਂ ਦਾ ਸਰਵ ਸਾਂਝਾ ਤਿਉਹਾਰ ਹੈ ਪਰ ਸਿੱਖਾਂ ਵਲੋਂ ਬੰਦੀ ਛੋੜ ਦਿਵਸ ਕਰਕੇ ਇਸ ਤਿਉਹਾਰ ਨੂੰ ਜ਼ਿਆਦਾ ਉਤਸ਼ਾਹ ਨਾਲ ਮਨਾਇਆ ਜਾਂਦਾ ਰਿਹਾ ਹੈ | ਹੁਣ ਉਹ 21 ਅਕਤੂਬਰ ਨੂੰ ਵੀ ਜਸ਼ਨ ਮਨਾਉਣਗੇ |
ਦੀਵਾਲੀ ਦੇ ਮੱਦੇਨਜ਼ਰ ਮਾਨਸਾ ਸ਼ਹਿਰ ਦੇ ਬਾਜ਼ਾਰਾਂ 'ਚ ਗਹਿਮਾ-ਗਹਿਮੀ ਰਹੀ
ਅਜੀਤ ਡੈਸਕ
20-10-2025