ਤਿਉਹਾਰਾਂ ਦੇ ਮੱਦੇਨਜ਼ਰ ਫ਼ਰੀਦਕੋਟ 'ਚ ਪੁਲਿਸ ਅਤੇ ਸਿਹਤ ਵਿਭਾਗ ਦੀ ਵੱਡੀ ਕਾਰਵਾਈ
ਅਜੀਤ ਡੈਸਕ
20-10-2025
ਫ਼ਰੀਦਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ 'ਚ ਅੱਜ ਦੇਰ ਸ਼ਾਮ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਸਾਂਝੇ ਤੌਰ 'ਤੇ ਰਿਹਾਇਸ਼ੀ ਇਲਾਕੇ ਵਿਚ ਦੋ ਮੰਜਿਲਾ ਮਕਾਨ ਵਿਚ ਬਰਫ਼ੀ ਦੀ ਫ਼ੈਕਟਰੀ 'ਤੇ ਰੇਡ ਕਰਕੇ ਵੱਡੀ ਮਾਤਰਾ ਵਿਚ ਸੋਨ ਪਾਪੜੀ, ਕੱਚਾ ਖੋਆ, ਹਰਾ ਰੰਗ ਲੱਗੀਆਂ ਮੂੰਗਫ਼ਲੀ ਦੀਆਂ ਗਿਰੀਆਂ, ਬਰਫ਼ੀ, ਗਲੀ ਸੜੀ ਮਠਿਆਈ, ਰਾਜਸਥਾਨ ਦੀ ਮਸ਼ਹੂਰ ਬੀਕਾਨੇਰੀ ਸੋਨ ਪਾਪੜੀ ਬਰਾਂਡ ਦੇ ਡੱਬੇ ਅਤੇ ਇਨ੍ਹਾਂ ਡੱਬਿਆਂ ਵਿਚ ਪੈਕਿੰਗ ਕੀਤੀ ਜਾ ਰਹੀ ਸੋਨ ਪਾਪੜੀ ਮਿਲੀ | ਸਿਹਤ ਵਿਭਾਗ ਵਲੋਂ ਮੌਕੇ 'ਤੇ ਹੀ ਫ਼ੜ੍ਹੀ ਗਈ ਮਠਿਆਈ ਦੇ ਸੈਂਪਲ ਭਰੇ ਗਏ ਅਤੇ ਬਾਕੀ ਮਠਿਆਈ ਨੂੰ ਸੀਲ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. ਮਨਿੰਦਰਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਅਧਾਰ 'ਤੇ ਸਿਹਤ ਵਿਭਾਗ ਦੀ ਟੀਮ ਸਮੇਤ ਫ਼ੈਕਟਰੀ 'ਤੇ ਚੈਕਿੰਗ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇੱਥੇ ਫ਼ੈਕਟਰੀ ਵਿਚ ਕਿਸੇ ਤਰਾਂ ਦੀ ਕੋਈ ਸਾਫ਼ ਸਫ਼ਾਈ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਇਥੋਂ ਕਾਫ਼ੀ ਮਾਤਰਾ ਵਿਚ ਸੋਨ ਪਾਪੜੀ ਅਤੇ ਬਰਫ਼ੀ ਮਿਲੀ ਹੈ ਜਿਸ ਦੇ ਸੈਂਪਲ ਭਰੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਥੋਂ ਜੋ ਰੰਗ ਲੱਗੀ ਮੂੰਗਫ਼ਲੀ ਦੀਆਂ ਗਿਰੀਆਂ ਮਿਲੀਆਂ ਉਸ ਦੀ ਵੀ ਜਾਂਚ ਕੀਤੀ ਜਾ ਰਹੀ, ਰਾਜਸਥਾਨ ਦੀ ਮਸ਼ਹੂਰ ਬੀਕਾਨੇਰੀ ਸੋਨ ਪਾਪੜੀ ਦੇ ਰੈਪਰ ਮਿਲਣ ਅਤੇ ਉਸੇ ਬਰਾਂਡ ਨੇਮ ਹੇਠ ਕੀਤੀ ਜਾ ਰਹੀ ਸੋਨ ਪਾਪੜੀ ਦੀ ਪੈਕਿੰਗ ਬਾਰੇ ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਜੋ ਵੀ ਸਿਹਤ ਵਿਭਾਗ ਵਲੋਂ ਜਾਂਚ ਰਿਪੋਰਟ ਦਿੱਤੀ ਜਾਵੇਗੀ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਮੌਕੇ ਗੱਲਬਾਤ ਕਰਦਿਆਂ ਫ਼ੂਡ ਸੇਫ਼ਟੀ ਅਫ਼ਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇੱਥੇ ਫ਼ੈਕਟਰੀ ਚੱਲ ਰਹੀ ਹੈ ਜਿਸ ਵਿਚ ਪਤੀਸਾ ਅਤੇ ਬਰਫ਼ੀ ਬਣਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਉਹ ਆਏ ਹਨ ਚੈਕਿੰਗ ਕੀਤੀ ਹੈ ਇੱਥੇ ਕਾਫ਼ੀ ਉਣਤਾਨੀਆਂ ਪਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਥੇ ਸਾਫ਼ ਸਫ਼ਾਈ ਦਾ ਕੋਈ ਬਹੁਤਾ ਪ੍ਰਬੰਧ ਨਹੀਂ | ਉਨ੍ਹਾਂ ਦੱਸਿਆ ਕਿ ਜੋ ਮਠਿਆਈਆਂ ਮਿਲੀਆਂ ਹਨ ਉਨ੍ਹਾਂ ਦੇ ਸੈਂਪਲ ਭਰੇ ਗਏ ਹਨ ਅਤੇ ਟੈਸਟ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਫਿਲਹਾਲ ਫ਼ੜਿਆ ਗਿਆ ਸਾਰਾ ਸਮਾਨ ਸੀਲ ਕੀਤਾ ਜਾਵੇਗਾ | ਰਾਜਸਥਾਨ ਦੀ ਮਸ਼ਹੂਰ ਮਠਿਆਈ ਦੇ ਬੇਨਰ ਹੇਠ ਫ਼ਰੀਦਕੋਟ ਵਿਚ ਪੈਕ ਕੀਤੇ ਜਾਣ ਬਾਰੇ ਉਹ ਕੋਈ ਬਹੁਤਾ ਸਾਰਥਿਕ ਜਵਾਬ ਨਹੀਂ ਦੇ ਸਕੇ ਬੱਸ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੇ ਜਾਣ ਦੀ ਗੱਲ ਕੀਤੀ ਗਈ |