ਬਰਗਾੜੀ, 31 ਅਕਤੂਬਰ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਵਿਖੇ ਮੰਡੀਕਰਨ ਬੋਰਡ ਦੇ ਸੰਬੰਧਿਤ ਵਿਭਾਗ ਵਲੋਂ ਸੰਪਰਕ ਸੜਕ 'ਤੇ ਟੁੱਟ ਚੁੱਕੀਆਂ ਜਾਂ ਨੀਵੀਆਂ ਪੁਲੀਆਂ ਨੂੰ ਮੁੜ ਤੋਂ ਬਣਾਏ ਜਾਣ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ | ਇਸ ਲੜੀ ਤਹਿਤ ਕਸਬਾ ਬਰਗਾੜੀ ਦੇ ਤਿੰਨ ਧਾਰਮਿਕ ਸਥਾਨਾਂ ਅਤੇ ਸ਼ਮਸ਼ਾਨ ਘਾਟ ਨੂੰ ਜੋੜਨ ਵਾਲੀ ਸੜਕ 'ਤੇ ਪੁਲੀ ਬਣਾਈ ਜਾ ਰਹੀ ਸੀ | ਪਿਛਲੇ ਦਿਨਾਂ ਤੋਂ ਇਸ ਪੁਲੀ ਬਣਨ ਦਾ ਕੰਮ ਰੁਕਿਆ ਹੋਇਆਂ ਸੀ | ਜਿਸ ਕਰਕੇ ਜਿਥੇ ਤਿੰਨੇ ਧਾਰਮਿਕ ਸਥਾਨਾਂ 'ਤੇ ਸਵੇਰੇ, ਸ਼ਾਮ ਨਤਮਸਤਕ ਹੋਣ ਜਾਂਦੇ ਸ਼ਰਧਾਲੂਆਂ, ਨੇੜਲੇ ਪਿੰਡਾਂ ਦੇ ਰਾਹਗੀਰਾਂ, ਕਿਸਾਨਾਂ ਤੇ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਇਹ ਇਹ ਪਿੰਡ ਕਾਫ਼ੀ ਵੱਡਾ ਹੋਣ ਕਰਕੇ ਕੋਈ ਨਾ ਕੋਈ ਮੌਤ ਹੋਈ ਰਹਿੰਦੀ ਹੈ | ਇਸ ਕਰਕੇ ਲੋਕਾਂ ਨੂੰ ਸ਼ਮਸ਼ਾਨਘਾਟ ਜਾਣ ਲਈ ਵੀ ਕਾਫ਼ੀ ਔਕੜਾਂ ਆਉਂਦੀਆਂ ਹਨ | ਇਨ੍ਹਾਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦਿਆਂ ਕਸਬਾ ਬਰਗਾੜੀ ਤੇ ਇਸ ਦੇ ਆਸ-ਪਾਸ ਪਿੰਡਾਂ ਦੇ ਲੋਕਾਂ ਨੇ 'ਅਜੀਤ ਅਖਬਾਰ' ਦੇ ਮਧਿਅਮ ਰਾਹੀਂ ਸਬੰਧਿਤ ਵਿਭਾਗ ਤੋਂ ਇਸ ਪੁਲੀ ਦੇ ਕੰਮ ਨੂੰ ਜਲਦੀ ਮੁਕੰਮਲ ਕੀਤੇ ਜਾਣ ਦੀ ਮੰਗ ਕੀਤੀ ਸੀ | ਇਸ ਖ਼ਬਰ ਦੇ ਪ੍ਰਕਾਸ਼ਿਤ ਹੋਣ ਪਿੱਛੋਂ ਸਬੰਧਿਤ ਵਿਭਾਗ ਵਲੋਂ ਇਸ ਪੁਲੀ ਨੂੰ ਬਣਾਏ ਜਾਣ ਦਾ ਕੰਮ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ | ਉਪਰੋਕਤ ਲੋਕਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਥੋੜੇ ਦਿਨਾਂ ਇਸ ਪੁਲੀ ਦਾ ਕੰਮ ਜਲਦੀ ਮੁਕੰਮਲ ਕਰਕੇ ਕਿ ਸਬੰਧਿਤ ਵਿਭਾਗ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਕੇ ਵੱਡੀ ਰਾਹਤ ਦੇਵੇਗਾ |