ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੀ ਧੀ ਭਾਰਤੀ ਮਹਿਲਾ ਕਿ੍ਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਹੁਣੇ ਹੁਣੇ ਇਕ ਦਿਨਾ ਮੈਚ 'ਚ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ ਹੈ | ਇਸ ਜਿੱਤ ਨਾਲ ਪੂਰੇ ਦੇਸ਼ 'ਚ ਜਸ਼ਨ ਹੀ ਨਹੀਂ ਮਨਾਏ ਗਏ ਸਗੋਂ ਮੋਗਾ ਸ਼ਹਿਰ ਵਾਸੀਆਂ ਲਈ ਵੀ ਵੱਡੀ ਖ਼ੁਸ਼ੀ ਸੀ ਤੇ ਮੈਚ ਜਿੱਤਣ 'ਤੇ ਮੋਗਾ ਵਾਸੀਆਂ ਨੇ ਪਟਾਕੇ ਚਲਾ ਕੇ ਇਸ ਹਰਮਨ ਪਿਆਰੀ ਆਪਣੀ ਧੀ ਦਾ ਸਵਾਗਤ ਕੀਤਾ ਤੇ ਅੱਜ ਮੋਗਾ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਹਰਮਨਪ੍ਰੀਤ ਕੌਰ 'ਤੇ ਮਾਣ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਆਸਟ੍ਰੇਲੀਆ ਨਾਲ ਖੇਡਦੇ ਸਮੇਂ 89 ਰਨਾਂ ਦੇ ਸਕੋਰ ਸਦਕਾ ਹੀ ਭਾਰਤ ਨੇ ਫਾਈਨਲ 'ਚ ਪ੍ਰਵੇਸ਼ ਕੀਤਾ ਤੇ ਵਿਸ਼ਵ ਕੱਪ ਜਿੱਤਣ ਵਿਚ ਹਰਮਨਪ੍ਰੀਤ ਕੌਰ ਦੀ ਸੁਚੱਜੀ ਕਪਤਾਨੀ ਤੇ ਚੰਗੀ ਕਾਰਗੁਜ਼ਾਰੀ ਸਦਕਾ ਅਸੀਂ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਵਿਸ਼ਵ ਕੱਪ 'ਤੇ ਕਾਬਜ਼ ਹੋਏ ਹਾਂ | ਸਨੀ ਗਿੱਲ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਮਹਿਲਾ ਜਗਤ ਦਾ ਮਾਣ ਹੀ ਨਹੀਂ ਸਗੋਂ ਲੜਕੀਆਂ ਲਈ ਇਕ ਪੇ੍ਰਰਨਾ ਸਰੋਤ ਵੀ ਹੈ |