ਦਿੱਲੀ ਇੰਟਰਨੈਸ਼ਨਲ ਸਕੂਲ 'ਚ ਪ੍ਰਕਾਸ਼ ਪੁਰਬ
ਫ਼ਰੀਦਕੋਟ, 4 ਨਵੰਬਰ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਰਿਵਾਇਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ 'ਚ ਗੁਰਪੁਰਬ ਸਬੰਧੀ ਕਰਵਾਇਆ ਗਿਆ ਵਿਸ਼ੇਸ਼ ਸਮਾਗਮ ਸਭ ਦੀ ਖਿੱਚ ਦਾ ਕੇਂਦਰ ਰਿਹਾ | ਜਿਸ ਦੀ ਸ਼ੁਰੂਆਤ 'ਚ ਵਿਦਿਆਰਥੀਆਂ ਵਲੋਂ ਰਿਵਾਇਤੀ ਖਾਲਸਾਈ ਜਾਹੋ-ਜਲਾਲ ਨਾਲ ਪ੍ਰਭਾਤ ਫੇਰੀ ਕੱਢੀ ਗਈ | ਜਿਸ ਨੇ ਪੂਰੇ ਸਕੂਲ ਦੇ ਆਲਮ ਨੂੰ ਧਾਰਮਿਕ ਰੰਗਤ ਵਿਚ ਰੰਗ ਦਿੱਤਾ | ਵਿਸ਼ੇਸ਼ ਧਾਰਮਿਕ ਸਮਾਗਮ ਵਿਚ ਵਿਦਿਆਰਥੀਆਂ ਨੇ ਸ਼ਬਦ ਗਾਇਨ, ਕਵੀਸ਼ਰੀ, ਕੋਰੀਓਗ੍ਰਾਫੀ, ਸਾਖੀਆਂ, ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਦੇ ਪਾਠ ਤੇ ਰਸਭਿੰਨੇ ਕੀਰਤਨ ਨੇ ਸਭ ਨੂੰ ਰੁਹਾਨੀਅਤ ਦੇ ਨੂਰ ਨਾਲ ਸਰਾਬੋਰ ਕਰ ਦਿੱਤਾ | ਇਸ ਤੋਂ ਇਲਾਵਾ ਵੱਖ-ਵੱਖ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਸਬੰਧੀ ਚਾਨਣਾ ਪਾਇਆ ਗਿਆ | ਅੰਤ ਵਿਚ ਸਕੂਲ ਪਿ੍ੰਸੀਪਲ ਪਿ੍ਯੰਕਾ ਬਰਾੜ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਪਾਏ ਸੁਨਹਿਰੀ ਪੂਰਨਿਆਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਸੰਸਥਾ ਦੇ ਚੇਅਰਮੈਨ ਆਸ਼ੀਸ਼ ਤੋਲਾ, ਡਾਇਰੈਕਟਰ ਅਨੁਪਮਾ ਤੋਲ, ਸ਼ਿਵਮ ਤੋਲਾ ਨੇ ਸਮੂਹ ਵਿਦਿਆਰਥੀਆਂ ਤੇ ਸਟਾਫ਼ ਨੂੰ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਪੇਸ਼ ਕੀਤੀਆਂ ਗਈਆਂ |
ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਪ੍ਰਕਾਸ਼ ਪੁਰਬ
ਫ਼ਰੀਦਕੋਟ, (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਗੋਲੇਵਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਤੀਜੀ ਜਮਾਤ ਦੇ ਬੱਚਿਆਂ ਵਲੋਂ ਪ੍ਰਭਾਤ ਫੇਰੀ ਨਾਲ ਕੀਤੀ ਗਈ | ਜਿਸ 'ਚ ਬੱਚਿਆਂ ਵਲੋਂ ਵਿਸ਼ੇਸ਼ ਸ਼ਬਦ ਗਾਇਨ ਕੀਤੇ ਗਏ | ਜਿਸ 'ਚ ਉਨ੍ਹਾਂ ਨੇ ਗੁਰਬਾਣੀ ਦੇ ਸੰਗੀਤ ਨਾਲ ਸਾਰੇ ਸਕੂਲ ਦੇ ਮਾਹੌਲ ਨੂੰ ਅਧਿਆਤਮਕ ਬਣਾ ਦਿੱਤਾ | ਇਸ ਤੋਂ ਬਾਅਦ ਮੂਲ ਮੰਤਰ ਦਾ ਪਾਠ ਕੀਤਾ ਗਿਆ ਤੇ ਵਿਦਿਆਰਥੀਆਂ ਨੇ ਸੁਰੀਲੇ ਸੁਰਾਂ 'ਚ ਸ਼ਬਦ ਕੀਰਤਨ ਕੀਤਾ | ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਝਾਕੀ ਪੇਸ਼ ਕਰਕੇ ਗੁਰੂ ਜੀ ਦੇ ਉਪਦੇਸ਼ਾਂ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਸਮਾਗਮ ਦੌਰਾਨ ਇੰਟਰ ਹਾਊਸ ਸਵਾਲ-ਜਵਾਬ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਗੁਰੂ ਜੀ ਦੇ ਜੀਵਨ ਬਾਰੇ ਪ੍ਰਸ਼ਨ ਪੁੱਛੇ ਗਏ | ਜਿਸ ਵਿਚ ਰੈੱਡ ਰੂਫ਼ਸ ਹਾਊਸ ਨੇ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਅਧਿਆਪਕਾ ਗੁਰਵਿੰਦਰ ਕੌਰ ਨੇ ਗੁਰੂ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚਾਨਣਾ ਪਾਇਆ | ਸਕੂਲ ਦੇ ਵਾਈਸ ਪਿ੍ੰਸੀਪਲ ਪੂਨਮ ਗੋਇਲ, ਕੋਆਰਡੀਨੇਟਰ ਸਰਬਜੀਤ ਕੌਰ ਨੇ ਬੱਚਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਸੰਸਥਾ ਦੇ ਚੇਅਰਮੈਨ ਗੁਰਚਰਨ ਸਿੰਘ, ਚੇਅਰਪਰਸਨ ਕੁਸ਼ਵੰਤ ਕੌਰ, ਡਾਇਰੈਕਟਰ ਕਿਰਨਜੋਤ ਕੌਰ ਤੇ ਮੈਨੇਜਰ ਗੁਰਮੀਤ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ |
ਬਰਗਾੜੀ, (ਸੁਖਰਾਜ ਸਿੰਘ ਗੋਂਦਾਰਾ)-ਦਸ਼ਮੇਸ਼ ਆਰਦਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਜਪੁਜੀ ਸਾਹਿਬ ਤੇ ਮੂਲ-ਮੰਤਰ ਦਾ ਜਾਪ ਕਰਨ ਉਪਰੰਤ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ 'ਚ ਅਰਦਾਸ ਕੀਤੀ ਗਈ | ਪਿ੍ੰਸੀਪਲ ਪ੍ਰਤੀਬਾਲਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਧ ਮਹੱਤਤਾ ਹੱਥੀ ਕਿਰਤ ਨੂੰ ਦਿੱਤੀ, ਉਨ੍ਹਾਂ ਕਰਕੇ ਹੀ ਕਿਰਤ ਸਬੰਧੀ ਇਕ ਪੱਕਾ ਸਿਧਾਂਤ ਬਣਿਆ ਕਿ ਦਸਕਾਰ ਵਿਅਕਤੀ ਜ਼ਿੰਦਗੀ 'ਚ ਕਦੇ ਭੁੱਖ ਨਹੀਂ ਮਰਦਾ, ਅੱਜ ਵੀ ਜਿਹੜੇ ਲੋਕ ਹੱਥੀ ਕਿਰਤ ਕਰਦੇ ਹਨ, ਉਹ ਨਿਰੋਗ ਜ਼ਿੰਦਗੀ ਭੋਗਦੇ ਹਨ | ਜੇਕਰ ਅਸੀਂ ਸਾਡੇ ਦੇਸ਼ 'ਚ ਬੇਰੁਜ਼ਗਾਰੀ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਵੱਡਾ ਕਾਰਨ ਇਹ ਕਿ ਸਾਡੇ ਬਹੁਤੇ ਨੌਜਵਾਨ ਹੱਥੀ ਕਿਰਤ ਕਰਨਾ ਛੱਡ ਗਏ ਹਨ | ਉਨ੍ਹਾਂ ਕਿਹਾ ਕਿ ਭਾਵੇਂ ਵਿਦਿਆਰਥੀਆਂ ਨੂੰ ਉੱਚ ਪਾਏ ਦੀ ਤਾਲੀਮ ਹਾਸਿਲ ਕਰਨੀ ਚਾਹੀਦੀ ਹੈ ਪਰ ਉਸ ਨਾਲ ਨਾਲ ਹੱਥੀ ਕਿਰਤ ਕਰਨ ਵਾਲੇ ਕੰਮ ਦੀ ਜਾਣਕਾਰੀ ਰੱਖਣੀ ਵੀ ਬੜੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ 'ਤੇ ਸਾਨੂੰ ਸਭ ਨੂੰ ਅਮਲ ਕਰਨਾ ਚਾਹੀਦਾ ਹੈ | ਇਸ ਮੌਕੇ ਪੂਜਾ ਰਾਣੀ, ਅਮਨਦੀਪ ਸ਼ਰਮਾ, ਆਰਤੀ, ਪ੍ਰਦੀਪ ਕੌਰ, ਅਮਨਦੀਪ ਕੌਰ ਲੰਭਵਾਲੀ, ਹਰਜੀਤ ਕੌਰ, ਪਰਮਦੀਪ ਕੌਰ, ਜਗਮੀਤ ਕੌਰ, ਬਲਵਿੰਦਰ ਕੌਰ, ਵੀਰਪਾਲ ਕੌਰ, ਰਮਿੰਦਰ ਕੌਰ, ਵੀਰਪਾਲ ਕੌਰ ਵਾਂਦਰ, ਕੁਲਦੀਪ ਕੌਰ ਆਦਿ ਹਾਜ਼ਰ ਸਨ |
ਦਸਮੇਸ਼ ਗਲੋਰੀਅਸ ਪਬਲਿਕ ਸਕੂਲ 'ਚ ਪ੍ਰਕਾਸ਼ ਪੁਰਬ
ਕੋਟਕਪੂਰਾ, (ਮੋਹਰ ਸਿੰਘ ਗਿੱਲ)-ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਸਵੇਰ ਦੀ ਸਭਾ ਵਿਚ 'ਸ੍ਰੀ ਜਪੁਜੀ ਸਾਹਿਬ' ਜੀ ਦੇ ਪਾਠ ਦਾ ਉਚਾਰਨ ਬੱਚਿਆਂ ਵਲੋਂ ਮਿਲ ਕੇ ਕੀਤਾ ਗਿਆ | ਅਧਿਆਪਕਾ ਰਮਨਦੀਪ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਬੱਚਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਐਲ.ਕੇ.ਜੀ ਤੇ ਯੂ.ਕੇ.ਜੀ ਦੇ ਨੰਨ੍ਹੇ ਮੁੰਨੇ ਬੱਚਿਆਂ ਤੋਂ ਗੁਰੂ ਜੀ ਦੇ ਜੀਵਨ ਬਾਰੇ ਪ੍ਰਸ਼ਨ ਉਤਰ ਪੁੱਛੇ ਗਏ | ਛੇਵੀਂ ਜਮਾਤ ਦੀ ਵਿਦਿਆਰਥਣ ਐਵਲੀਨ ਕੌਰ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਸਬੰਧੀ ਦੱਸਿਆ |
ਦੂਜੀ ਜਮਾਤ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਕਵਿਤਾ ਪੇਸ਼ ਕੀਤੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਸ਼ਿਵਜੋਤ ਸਿੰਘ ਨੇ 'ਸਤਿਗੁਰੂ ਨਾਨਕ ਪ੍ਰਗਟਿਆ....' ਸ਼ਬਦ ਦਾ ਉਚਾਰਨ ਕੀਤਾ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ/ਪਿ੍ੰਸੀਪਲ ਸੁਰਿੰਦਰ ਕੌਰ, ਪਿ੍ੰਸੀਪਲ ਰੁਬੀਨਾ ਧੀਰ ਨੇ ਬੱਚਿਆਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ |
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੱਖ-ਵੱਖ ਸਕੂਲ 'ਚ ਉਤਸ਼ਾਹ ਨਾਲ ਮਨਾਇਆ
ਅਜੀਤ ਡੈਸਕ
05-11-2025