ਫ਼ਰੀਦਕੋਟ, 4 ਨਵੰਬਰ (ਸਰਬਜੀਤ ਸਿੰਘ)-ਇੱਥੋਂ ਦੀ ਮਾਡਰਨ ਕੇਂਦਰੀ ਜੇਲ੍ਹ 'ਚ ਕੁਝ ਹਵਾਲਾਤੀਆਂ ਵਲੋਂ ਇਕ ਹਵਾਲਾਤੀ ਦੀ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਜੇਲ੍ਹ ਅਧਿਕਾਰੀਆਂ ਵਲੋਂ ਜ਼ਖ਼ਮੀ ਹਵਾਲਾਤੀ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ | ਪੁਲਿਸ ਵਲੋਂ ਜ਼ਖ਼ਮੀ ਹਵਾਲਾਤੀ ਦੇ ਬਿਆਨਾਂ ਦੇ ਆਧਾਰ 'ਤੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ਪ੍ਰਾਪਤ ਸੂਚਨਾ ਅਨੁਸਾਰ ਸਥਾਨਕ ਕੇਂਦਰੀ ਜੇਲ੍ਹ 'ਚ ਨਜ਼ਰਬੰਦ ਜਸਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਗਿਆ ਹੈ ਕਿ ਉਹ ਜੇਲ੍ਹ ਅੰਦਰ ਨਜ਼ਰਬੰਦ ਆਪਣੇ ਕੇਸ ਵਾਰ ਨੂੰ ਮਿਲਣ ਗਿਆ ਤਾਂ ਹਵਾਲਾਤੀ ਕਿ੍ਸ਼ਨ ਕੁਮਾਰ, ਹਵਾਲਾਤੀ ਰੁਪਿੰਦਰ ਸਿੰਘ ਉਰਫ਼ ਗਾਂਧੀ, ਹਵਾਲਾਤੀ ਰਾਧੇ ਸ਼ਾਮ ਤੇ ਰੁਪੇਸ਼ ਕੁਮਾਰ ਵਲੋਂ ਉਸ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਹ ਕਾਫੀ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਜੇਲ੍ਹ ਕਰਮਚਾਰੀਆਂ ਵਲੋਂ ਮੈਡੀਕਲ ਕਾਲਜ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ | ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਕਿਹਾ ਕਿ ਜ਼ਖ਼ਮੀ ਹਵਾਲਾਤੀ ਦੇ ਬਿਆਨਾਂ ਦੇ ਆਧਾਰ 'ਤੇ ਚਾਰਾਂ ਕਥਿਤ ਦੋਸ਼ੀਆਂ ਖ਼ਿਲਾਫ਼ ਕੁੱਟਮਾਰ ਸੰਬੰਧੀ ਧਾਰਾਵਾਂ ਤੇ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |