ਅੰਮ੍ਰਿਤਸਰ, 4 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਚਾਰਸੱਦਾ ਸ਼ਹਿਰ ਦੇ ਮੰਡਨੀ ਇਲਾਕੇ ਦੇ ਵਸਨੀਕ ਹਾਫ਼ਿਜ਼ ਅਬਦੁਲ ਸਲਾਮ ਆਰਿਫ਼ ਨੂੰ ਉਮਰਜ਼ਈ ਰੋਡ 'ਤੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਨਿਸ਼ਾਨਾ ਬਣਾਇਆ ਗਿਆ। ਹਮਲੇ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ। ਹਾਫ਼ਿਜ਼ ਆਰਿਫ਼ ਧਾਰਮਿਕ ਸ਼ਖ਼ਸੀਅਤ ਹੋਣ ਦੇ ਨਾਲ-ਨਾਲ ਜਮੀਅਤ ਉਲੇਮਾ-ਏ-ਇਸਲਾਮ ਦੇ ਸੀਨੀਅਰ ਮੈਂਬਰ ਵੀ ਸਨ। ਫ਼ਿਲਹਾਲ, ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜਮੀਅਤ ਉਲੇਮਾ-ਏ-ਇਸਲਾਮ ਦੇ ਕਾਰਕੁੰਨਾਂ ਨੇ ਪਾਕਿ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. 'ਤੇ ਹਾਫ਼ਿਜ਼ ਅਬਦੁਲ ਸਲਾਮ ਦੀ ਹੱਤਿਆ ਕਰਵਾਏ ਜਾਣ ਦਾ ਦੋਸ਼ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਫ਼ਿਜ਼ ਲੰਬੇ ਸਮੇਂ ਤੋਂ ਫ਼ੌਜ ਦੇ ਤਾਨਾਸ਼ਾਹੀ ਅਭਿਆਸਾਂ ਅਤੇ ਦਮਨਕਾਰੀ ਨੀਤੀਆਂ ਦੀ ਅਲੋਚਨਾ ਕਰਦੇ ਆ ਰਹੇ ਸਨ। ਚਾਰਸੱਦਾ ਦੇ ਸਥਾਨਕ ਨਿਵਾਸੀਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਖ਼ੈਬਰ ਪਖਤੂਨਖਵਾ 'ਚ ਧਾਰਮਿਕ ਵਿਦਵਾਨਾਂ ਦੀਆਂ ਲਗਾਤਾਰ ਹੱਤਿਆਵਾਂ ਡਰ ਪੈਦਾ ਕਰਨ ਅਤੇ ਧਾਰਮਿਕ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਕ ਯੋਜਨਾਬੱਧ ਮੁਹਿੰਮ ਦਾ ਹਿੱਸਾ ਹਨ।
ਪਾਕਿਸਤਾਨੀ ਫ਼ੌਜ ਵਿਰੁੱਧ ਟਿੱਪਣੀਆਂ ਕਰਨ ਵਾਲੇ ਹਾਫ਼ਿਜ਼ ਸਲਾਮ ਦੀ ਹੱਤਿਆ
ਅਜੀਤ ਡੈਸਕ
05-11-2025