ਫ਼ਰੀਦਕੋਟ, 4 ਨਵੰਬਰ (ਸਰਬਜੀਤ ਸਿੰਘ)-ਇੱਥੋਂ ਦੀ ਮਾਡਰਨ ਕੇਂਦਰੀ ਜੇਲ੍ਹ 'ਚੋਂ ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਗਈ ਅਚਾਨਕ ਤਲਾਸ਼ੀ ਦੌਰਾਨ ਜੇਲ੍ਹ 'ਚ ਨਜ਼ਰਬੰਦ ਇਕ ਹਵਾਲਾਤੀ ਪਾਸੋਂ ਇਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ | ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਸਤਨਾਮ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫ਼ਰੀਦਕੋਟ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਜੇਲ੍ਹ ਦੇ ਬਲਾਕ ਤਿੰਨ ਦੀ ਬੈਰਕ ਨੰਬਰ 7 ਦੀ ਅਚਨਚੇਤ ਤਲਾਸ਼ੀ ਦੌਰਾਨ ਹਵਾਲਾਤੀ ਰੁਪੇਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਪਾਸੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ ਹੈ | ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਕਿਹਾ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ ਫ਼ਰੀਦਕੋਟ ਵਿਖੇ ਕਥਿਤ ਦੋਸ਼ੀ ਹਵਾਲਾਤੀ ਖ਼ਿਲਾਫ਼ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |