ਜੈਤੋ, 4 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਕਾਂਗਰਸ ਕਮੇਟੀ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੇ ਇਤਿਹਾਸਕ ਅਧਿਕਾਰਾਂ ਤੇ ਵਿਲੱਖਣ ਪਛਾਣ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਕੇ ਪੰਜਾਬ ਦੇ ਹੱਕਾਂ 'ਤੇ ਇਕ ਹੋਰ ਵੱਡਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ 59 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਦੀ ਲੋਕਤੰਤਰੀ ਢੰਗ ਨਾਲ ਚੁਣੀ ਗਈ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਗਿਆ ਹੈ | ਜਿਸ ਦੀ ਜਿੰਨ੍ਹੀ ਨਿਖੇਧੀ ਕੀਤੀ ਜਾਵੇ, ਉਨ੍ਹੀ ਹੀ ਥੋੜੀ ਹੈ | ਉਨ੍ਹਾਂ ਕਿਹਾ ਕਿ ਇਸ ਦੀ ਥਾਂ ਕੇਂਦਰ ਸਰਕਾਰ ਵਲੋਂ ਪੂਰੀ ਤਰ੍ਹਾਂ ਨਾਲ ਨਾਮਜ਼ਦ ਮੈਂਬਰਾਂ ਵਾਲੀ ਨਵੀਂ ਬਾਡੀ ਸਥਾਪਤ ਕੀਤੇ ਜਾਣ 'ਤੇ ਜਿਸ 'ਚ ਚੰਡੀਗੜ੍ਹ ਪ੍ਰਸ਼ਾਸਨ ਤੇ ਕੇਂਦਰ ਸਰਕਾਰ ਦੇ ਨੁਮਾਇੰਦੇ ਸ਼ਾਮਿਲ ਹਨ | ਇਸ ਕਦਮ ਨਾਲ ਯੂਨੀਵਰਸਿਟੀ ਦੇ ਪ੍ਰਸ਼ਾਸਕੀ ਢਾਂਚੇ 'ਚ ਚੋਣਾਂ ਦੀ ਪ੍ਰਣਾਲੀ ਖ਼ਤਮ ਹੋ ਗਈ ਹੈ ਤੇ ਹੁਣ ਇਸ ਦਾ ਸੰਚਾਲਨ ਰਾਜਨੀਤਿਕ ਤੇ ਪ੍ਰਸ਼ਾਸਨਿਕ ਲੋਕਾਂ ਵਲੋਂ ਕੀਤਾ ਜਾਵੇਗਾ | ਇਸ ਫ਼ੈਸਲੇ ਨੂੰ ਪੰਜਾਬ ਦੀ ਸਾਂਝੀ ਵਿਰਾਸਤ, ਸਿੱਖਿਆ, ਆਤਮ ਨਿਰਭਰਤਾ ਤੇ ਲੋਕਤੰਤਰਿਕ ਅਸੂਲਾਂ 'ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਸਿਆਸੀ ਤੇ ਵਿੱਦਿਅਕ ਵਰਗਾਂ ਵਲੋਂ ਭਾਰੀ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ | ਇਸ ਮੌਕੇ ਮਾੜਾ ਸਿੰਘ, ਪਰਮਜੀਤ.ਸਿੰਘ, ਜਸਵਿੰਦਰ ਸਿੰਘ ਸੰਮੀ ਸਾਬਕਾ ਸਰਪੰਚ ਭਗਤੂਆਣਾ, ਲਾਭ ਸਿੰਘ ਸੈਕਟਰੀ ਅਤੇ ਜਗਜੀਤ ਸਿੰਘ ਝੱਖੜਵਾਲਾ ਆਦਿ ਮੌਜੂਦ ਸਨ |