ਸ੍ਰੀ ਮੁਕਤਸਰ ਸਾਹਿਬ, 23 ਨਵੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇੱਥੋਂ ਦੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਛੇਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ | ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਬਜਾਏ ਸਰਕਾਰ ਤੇ ਪ੍ਰਸ਼ਾਸਨ ਦੀ ਅਣਦੇਖੀ ਸਰਕਾਰ ਤੇ ਪ੍ਰਸ਼ਾਸਨ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ | ਕਿਸਾਨਾਂ 'ਚ ਸਰਕਾਰ ਪ੍ਰਤੀ ਦਿਨ ਵੱਧ ਰਿਹਾ ਰੋਸ ਸੰਘਰਸ਼ ਨੂੰ ਬਲ ਦੇ ਰਿਹਾ ਹੈ | ਦਿਨ ਰਾਤ ਡੀ.ਸੀ. ਦਫ਼ਤਰ ਮੂਹਰੇ ਬੈਠੇ ਕਿਸਾਨ ਸਰਕਾਰ ਦੀ ਲੋਕਾਂ ਦੀਆਂ ਮੰਗਾਂ ਮਸਲਿਆਂ ਪ੍ਰਤੀ ਅਪਣਾਈ ਨਕਾਰਾਤਮਕ ਪੁਹੰਚ ਵੀ ਜੱਗ ਜਾਹਰ ਕਰ ਰਹੇ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਗੁਰਸੇਵਕ ਸਿੰਘ ਲੰਬੀ, ਨਿਰਮਲ ਸਿੰਘ ਜਿਉਣ ਵਾਲਾ ਤੇ ਹਰਬੰਸ ਸਿੰਘ ਕੋਟਲੀ ਨੇ ਆਖਿਆ ਕਿ ਸਰਕਾਰ ਦੇ ਬੇਰੁਖੀ ਵਾਲੇ ਵਤੀਰੇ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਜ਼ਿਲਿ੍ਹਆਂ ਦੇ ਪਿੰਡ-ਪਿੰਡ ਕਿਸਾਨਾਂ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ | ਰੋਸ ਧਰਨੇ 'ਚ ਬਲਵਿੰਦਰ ਸਿੰਘ ਮੱਤਾ, ਕਾਕਾ ਸਿੰਘ ਖੁੰਡੇ ਹਲਾਲ, ਸਤਪਾਲ ਸਿੰਘ ਜੈਤੋ, ਗੁਰਭਗਤ ਸਿੰਘ ਭਲਾਈਆਣਾ, ਤਰਸੇਮ ਸਿੰਘ ਖੁੰਡੇ ਹਲਾਲ, ਹਰਪਾਲ ਸਿੰਘ ਧੂਲਕੋਟ, ਗੁਰਸੇਵਕ ਸਿੰਘ ਲੰਬੀ, ਅਜੈਬ ਸਿੰਘ ਕੋਠੇ ਅਮਨਗੜ੍ਹ ਵੀ ਮੌਜੂਦ ਸਨ |