ਮੋਗਾ, 17 ਦਸੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਆਸ਼ਰਮ ਵਿਖੇ ਸਤਿਸੰਗ ਕਰਵਾਇਆ ਗਿਆ | ਇਸ ਮੌਕੇ ਸਾਧਵੀ ਏਕਤਾ ਭਾਰਤੀ ਨੇ ਕਿਹਾ ਕਿ ਇਸ ਸਮੇਂ ਹਰ ਵਿਅਕਤੀ ਚਿੰਤਾਵਾਂ ਨਾਲ ਜੂਝ ਰਿਹਾ ਹੈ ਜਿਸ ਦਾ ਕਾਰਨ ਇਹ ਹੈ ਕਿ ਉਹ ਰੱਬ ਦਾ ਚਿੰਤਨ ਨਹੀਂ ਕਰਦਾ | ਚਿੰਤਾ ਦਾ ਅਰਥ ਹੈ ਰੱਬ 'ਚ ਵਿਸ਼ਵਾਸ ਨਾ ਹੋਣਾ | ਉਹ ਪ੍ਰਭੂ ਜਿਸ ਦੇ ਰਾਹੀਂ ਸਿ੍ਸ਼ਟੀ ਦੇ ਸਾਰੇ ਕੰਮ ਹੁੰਦੇ ਹਨ | ਇਸ ਗੱਲ ਨੂੰ ਭੁਲਾ ਕੇ ਮਨੁੱਖ ਆਪਣੇ ਆਪ ਨੂੰ ਕਰਤਾ ਸਮਝਦਾ ਹੈ | ਉਸ ਨੂੰ ਲੱਗਦਾ ਹੈ ਕਿ ਉਸ ਤੋਂ ਬਿਨ੍ਹਾਂ ਸੰਸਾਰ ਦਾ ਕੰਮ ਪੂਰਾ ਨਹੀਂ ਹੋਵੇਗਾ | ਮਨੁੱਖ ਦਾ ਇਹੀ ਖ਼ਿਆਲ ਉਸ ਨੂੰ ਚਿੰਤਤ ਕਰਦਾ ਹੈ | ਰੁੱਖ ਉਦੋਂ ਤੱਕ ਹਰਾ ਰਹਿ ਸਕਦਾ ਹੈ ਜਦੋਂ ਤੱਕ ਉਹ ਆਪਣੀ ਜੜ੍ਹ ਨਾਲ ਜੁੜਿਆ ਰਹਿੰਦਾ ਹੈ, ਜਦੋਂ ਰੁੱਖ ਜੜ੍ਹ ਤੋਂ ਵੱਖ ਹੁੰਦਾ ਹੈ ਤਾਂ ਰੁੱਖ ਸੁੱਕ ਜਾਂਦਾ ਹੈ | ਇਸੇ ਤਰ੍ਹਾਂ ਮਨੁੱਖ ਦਾ ਮੂਲ ਪ੍ਰਮਾਤਮਾ ਹੈ, ਉਹ ਆਪਣੇ ਮੂਲ ਤੋਂ ਵਿਛੜਣ ਕਾਰਨ ਦੁਖੀ ਤੇ ਪ੍ਰੇਸ਼ਾਨ ਹੈ | ਆਪਣੇ ਮੂਲ ਪ੍ਰਮਾਤਮਾ ਨਾਲ ਜੁੜ ਕੇ ਹੀ ਉਹ ਚਿੰਤਾਵਾਂ ਤੋਂ ਮੁਕਤ ਹੋ ਸਕਦਾ ਹੈ | ਅੰਤ 'ਚ ਗੁਰੂ ਭਾਈ ਰਣਜੀਤ ਨੇ ਭਜਨਾਂ ਦਾ ਗਾਇਣ ਕੀਤਾ |