ਮਲੋਟ, 20 ਦਸੰਬਰ (ਅਜਮੇਰ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ (ਰਜਿ.) ਕਾਦੀਆਂ ਬਲਾਕ ਮਲੋਟ ਤੇ ਲੰਬੀ ਦੀ ਮੀਟਿੰਗ ਮਲੋਟ ਵਿਖੇ ਪ੍ਰਧਾਨ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕਿਸਾਨ ਆਗੂ ਦਵਿੰਦਰ ਸਿੰਘ, ਬਲਵਿੰਦਰ ਸਿੰਘ, ਜਗਬੀਰ ਸਿੰਘ ਢਾਣੀ ਕੁੰਦਨ ਸਿੰਘ, ਕੁਲਵਿੰਦਰ ਸਿੰਘ, ਮਹਿਲ ਸਿੰਘ, ਜਗੀਰ ਸਿੰਘ ਸ਼ਾਮਖੇੜਾ, ਪੂਰਨ ਸਿੰਘ, ਮੰਗਲ ਸਿੰਘ, ਗੁਰਦੇਵ ਸਿੰਘ ਡੱਬਵਾਲੀ ਢਾਬ ਤੇ ਹੋਰ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਯੂਰੀਆ ਖ਼ਾਦ ਨਹੀਂ ਮਿਲ ਰਹੀ | ਉਨ੍ਹਾਂ ਕਿਹਾ ਕਿ ਜੇਕਰ ਯੂਰੀਆ ਖ਼ਾਦ ਦੁਕਾਨਦਾਰ ਦਿੰਦੇ ਵੀ ਹਨ ਤਾਂ ਉਨ੍ਹਾਂ ਨੂੰ ਬੇਲੋੜੀਆਂ ਵਸਤਾਂ ਨਾਲ ਮਜ਼ਬੂਰੀਵੱਸ ਲੈਣੀਆਂ ਪੈ ਰਹੀਆਂ ਹਨ | ਕਿਸਾਨਾਂ ਨੇ ਕਿਹਾ ਕਿ ਸਰਕਾਰ ਇਸ ਵੱਲ ਧਿਆਨ ਕਰੇ ਅਤੇ ਉਨ੍ਹਾਂ ਨੂੰ ਸਮੇਂ ਸਿਰ ਯੂਰੀਆ ਖ਼ਾਦ ਦੇਵੇ ਤਾਂ ਜੋ ਕਿਸਾਨਾਂ ਨੂੰ ਦਿੱਕਤਾਂ ਨਾ ਆਉਣ | ਇਸ ਮੌਕੇ ਬਚਿੱਤਰ ਸਿੰਘ, ਸਾਂਝਾ ਰਾਮ ਭਗਵਾਨਪੁਰਾ, ਪਿੱਪਲ ਸਿੰਘ, ਦਰਸ਼ਨ ਸਿੰਘ, ਨਿਸ਼ਾਨ ਸਿੰਘ ਸਰਾਵਾਂ ਬੋਦਲਾ, ਗੁਰਚਰਨ ਸਿੰਘ ਮਲੋਟ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਜੋ ਗੜੇ੍ਹਮਾਰੀ ਹੋਈ ਸੀ, ਉਸ ਦੀ ਸਰਕਾਰ ਨੇ ਗਿਰਦਾਵਰੀ ਕਰਵਾ ਲਈ ਸੀ, ਪਰ ਅਜੇ ਤੱਕ ਉਸ ਦਾ ਕੋਈ ਭੁਗਤਾਨ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਗੜੇ੍ਹਮਾਰੀ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ |