ਫ਼ਰੀਦਕੋਟ, 25 ਦਸੰਬਰ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 'ਕੇਸਰੀ ਦਸਤਾਰ ਤੇ ਕੇਸਰੀ ਨਿਸ਼ਾਨ' ਮਾਰਚ ਕੱਢਿਆ ਗਿਆ | ਜਿਸ 'ਚ ਕੇਸਰੀ ਦਸਤਾਰਾਂ ਤੇ ਦੁਮਾਲੇ ਸਜਾ ਕੇ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਹਿੱਸਾ ਲਿਆ | ਇਹ ਦਸਤਾਰ ਮਾਰਚ ਗੁਰਦੁਆਰਾ ਖਾਲਸਾ ਦੀਵਾਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਹੁੰਦਾ ਹੋਇਆ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਸਮਾਪਤ ਹੋਇਆ | ਸਿੱਖ ਸੰਗਤਾਂ ਵਲੋਂ ਸਿੱਖਾਂ ਦੀ ਯੁੱਧ ਕਲਾ ਗਤਕਾ ਦੇ ਜੌਹਰ ਵੀ ਦਿਖਾਏ ਗਏ | ਕੇਸਰੀ ਦਸਤਾਰ ਮਾਰਚ ਦਾ ਪ੍ਰਬੰਧ ਕਰਨ ਵਾਲੇ ਸਿੱਖ ਨੌਜਵਾਨਾਂ ਨੇ ਕਿਹਾ ਕਿ ਸਮੇਂ ਸਮੇਂ 'ਤੇ ਸਿੱਖ ਕੌਮ ਨਾਲ ਧੱਕੇਸ਼ਾਹੀ ਹੋਈ ਤੇ ਸਿੱਖਾਂ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ ਪਰ ਸਿੱਖ ਕੌਮ ਆਪਣੇ ਗੁਰੂ ਸਾਹਿਬ ਦੇ ਦਿੱਤੇ ਫ਼ਲਸਫੇ ਤੇ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਵੀ ਚੜ੍ਹਦੀ ਕਲਾ 'ਚ ਹੈ | ਉਨ੍ਹਾਂ ਕਿਹਾ ਕਿ ਕੌਮ ਦੀ ਚੜ੍ਹਦੀ ਕਲਾ ਲਈ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਕੇਸਰੀ ਦਸਤਾਰ ਤੇ ਕੇਸਰੀ ਨਿਸ਼ਾਨ ਮਾਰਚ ਕੱਢਿਆ ਗਿਆ ਹੈ | ਉਨ੍ਹਾਂ ਕਿਹਾ ਕਿ ਕੇਸਰੀ ਰੰਗ ਸਿੱਖ ਕੌਮ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ ਤੇ ਗੁਰੂ ਸਾਹਿਬ ਵਲੋਂ ਬਖ਼ਸ਼ਿਆ ਹੋਇਆ ਹੈ | ਇਸੇ ਲਈ ਸੰਗਤਾਂ ਕੇਸਰੀ ਦਸਤਾਰ ਸਜਾ ਕੇ ਹੱਥ 'ਚ ਕੇਸਰੀ ਨਿਸ਼ਾਨ ਸਾਹਿਬ ਫ਼ੜ੍ਹ ਕੇ ਮਾਰਚ ਕਰ ਰਹੀਆਂ ਤਾਂ ਜੋ ਸਿੱਖ ਕੌਮ ਤੇ ਖਾਲਸੇ ਦੀ ਚੜ੍ਹਦੀ ਕਲਾ ਹਮੇਸ਼ਾ ਰਹੇ | ਇਸ ਮੌਕੇ ਐਸ ਜੀ ਪੀ ਸੀ ਦੇ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਨੇ ਸਿੱਖ ਸੰਗਤਾਂ ਦੇ ਇਸ ਉਪਰਾਲੇ ਦੀ ਜਿੱਥੇ ਸ਼ਲਾਘਾ ਕੀਤੀ ਉਥੇ ਕਿਹਾ ਕਿ ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੈ | ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵਲੋਂ ਇਸ ਮਾਰਚ ਵਿਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਨੂੰ ਮੁਫ਼ਤ ਵਿਚ ਦਸਤਾਰਾਂ ਵੀ ਭੇਟ ਕੀਤੀਆਂ ਗਈਆਂ ਜੋ ਬਹੁਤ ਨੇਕ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਕੌਮ ਦੀ ਚੜ੍ਹਦੀ ਕਲਾ ਲਈ ਸਭ ਨੂੰ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ | ਕੇਸਰੀ ਦਸਤਾਰ ਮਾਰਚ 'ਚ ਸ਼ਹਿਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ | ਇਸ ਮੌਕੇ ਭਾਈ ਦਲੇਰ ਸਿੰਘ ਡੋਡ ਪ੍ਰਧਾਨ ਫ਼ੈਡਰੇਸ਼ਨ, ਗੁਰਸੇਵਕ ਸਿੰਘ ਭਾਣਾ, ਸ਼ਰਨਜੀਤ ਸਿੰਘ ਸਰਾਂ ਭਾਰਤੀ ਕਿਸਾਨ ਯੂਨੀਅਨ ਫ਼ਤਿਹ, ਕੁਲਦੀਪ ਸਿੰਘ ਖਾਲਸਾ, ਰਾਜਵੀਰ ਸਿੰਘ ਗੋਲੇਵਾਲਾ, ਮੱਘਰ ਸਿੰਘ, ਹੈਰੀ ਢਿੱਲੋਂ, ਮਨਪ੍ਰੀਤ ਸਿੰਘ, ਸੁਖਪਾਲ ਸਿੰਘ ਮੁਮਾਰਾ, ਸੁਖਜਿੰਦਰ ਸਿੰਘ ਹੋਪ, ਮਨਿੰਦਰ ਸਿੰਘ ਖਾਲਸਾ, ਸਰਬਜੋਤ ਸਿੰਘ ਸਾਹਨੀ, ਗੁਰਜੰਟ ਸਿੰਘ ਧੌਂਸੀ, ਦਇਆ ਸਿੰਘ, ਮਿੰਟੂ ਦੀਪ ਸਿੰਘ ਵਾਲਾ, ਹਰਦੀਪ ਸਿੰਘ, ਹਰਪ੍ਰੀਤ ਸਿੰਘ, ਬਾਬਾ ਅੱਛਰ ਸਿੰਘ, ਗੁਰਜੀਤ ਸਿੰਘ ਅਤੇ ਅਰਸ਼ਦੀਪ ਸਿੰਘ ਸੰਧੂ ਆਦਿ ਹਾਜ਼ਰ ਸਨ |