ਚੰਡੀਗੜ੍ਹ, 24 ਅਗਸਤ - “ਪੰਜਾਬ ਬਦਲਾਅ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਾਜਪਾ ਇਸ ਬਦਲਾਅ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ ਅਤੇ ਜਿੱਤ ਹਾਸਲ ਕਰਕੇ ਸੂਬੇ ਵਿਚ ਆਪਣੀ ਸਰਕਾਰ ਬਣਾਏਗੀ।” ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਨੇ ਕਹੀ। ਉਹ ਆਪਣੇ ਦੋ ਦਿਨਾਂ ਦੇ ਸੰਗਠਨਾਤਮਕ ਦੌਰੇ ਦੇ ਪਹਿਲੇ ਦਿਨ ਪਟਿਆਲਾ ਵਿਖੇ ਹੋਈ ਪਹਿਲੀ ਖੇਤਰੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਅੱਜ ਸਵੇਰੇ ਬੀ.ਐਲ. ਸੰਤੋਸ਼ ਦਾ ਮੁਹਾਲੀ ਹਵਾਈ ਅੱਡੇ ’ਤੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਨਰਿੰਦਰ ਸਿੰਘ ਰੈਣਾ ਵਲੋਂ ਸਵਾਗਤ ਕੀਤਾ ਗਿਆ।
ਆਪਣੇ ਦੌਰੇ ਦੌਰਾਨ ਬੀ.ਐਲ. ਸੰਤੋਸ਼ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਭਾਜਪਾ ਆਗੂਆਂ ਅਤੇ ਸੰਗਠਨ ਦੇ ਅਹੁਦੇਦਾਰਾਂ ਨਾਲ ਖੇਤਰੀ ਬੈਠਕਾਂ ਰਾਹੀਂ ਸੰਗਠਨ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਇਨ੍ਹਾਂ ਬੈਠਕਾਂ ਵਿਚ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਅਤੇ ਸੂਬੇ ਦੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਪਹੁੰਚਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਬੀ.ਐਲ. ਸੰਤੋਸ਼ ਨੇ ਅੱਜ ਪਟਿਆਲਾ ਅਤੇ ਬਠਿੰਡਾ ਵਿਚ ਸੰਗਠਨ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੀਤੀ। 25 ਅਗਸਤ ਨੂੰ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਚ ਖੇਤਰੀ ਬੈਠਕਾਂ ਹੋਣਗੀਆਂ। ਅੰਮ੍ਰਿਤਸਰ ਵਿਚ ਸੂਬਾ ਜਨਰਲ ਸਕੱਤਰਾਂ ਨਾਲ ਇਕ ਵੱਖਰੀ ਬੈਠਕ ਵੀ ਹੋਵੇਗੀ। ਇਨ੍ਹਾਂ ਬੈਠਕਾਂ ਦਾ ਮਕਸਦ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਕਰਨਾ ਅਤੇ ਜ਼ਮੀਨੀ ਪੱਧਰ ’ਤੇ ਸੰਗਠਨ ਦੀਆਂ ਤਿਆਰੀਆਂ, ਆਪਸੀ ਤਾਲਮੇਲ ਅਤੇ ਕਾਰਕੁਨਾਂ ਦੀ ਸਰਗਰਮੀ ਨੂੰ ਹੋਰ ਮਜ਼ਬੂਤ ਕਰਨਾ ਹੈ।