ਜੈਤੋ, 25 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ (ਸੀਨੀ: ਸੈਕੰ:) ਗੰਗਸਰ ਜੈਤੋ ਵਲੋਂ ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਤੇ ਅਨੇਕ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਬਹਾਦਰਗੜ੍ਹ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਮਤਿ ਚੇਤਨਾ ਮਾਰਚ ਕੱਢਿਆ ਗਿਆ | ਸਕੂਲ ਦੇ ਪਿ੍ੰਸੀਪਲ ਰਾਜਵਿੰਦਰ ਕੌਰ ਦੀ ਯੋਗ ਅਗਵਾਈ 'ਚ ਜੈਤੋ ਦੇ ਪਿੰਡਾਂ ਦਲ ਸਿੰਘ ਵਾਲਾ, ਰਣ ਸਿੰਘ ਵਾਲਾ ਤੇ ਝੱਖੜਵਾਲਾ ਆਦਿ 'ਚ ਗੁਰਮਤਿ ਚੇਤਨਾ ਮਾਰਚ 'ਚ ਸਮੂਹ ਵਿਦਿਆਰਥੀਆਂ ਵਲੋਂ ਹੱਥਾਂ 'ਚ ਸਾਹਿਬਜ਼ਾਦਿਆਂ ਨਾਲ ਸਬੰਧਿਤ ਸਲੋਗਨ, ਕੇਸਰੀ ਝੰਡੇ ਫੜ੍ਹ ਕੇ, ਕੇਸਰੀ ਦਸਤਾਰਾਂ ਸਮੇਤ ਸ਼ਮੂਲੀਅਤ ਕੀਤੀ ਗਈ | ਇਹ ਗੁਰਮਤਿ ਚੇਤਨਾ ਮਾਰਚ ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਗੰਗਸਰ ਸਾਹਿਬ ਤੋਂ ਹੁੰਦਿਆਂ ਗੁਰਦੁਆਰਾ ਜੈਤੇਆਣਾ ਪਿੰਡ ਵਿਚੋਂ ਚਾਹ ਦਾ ਲੰਗਰ ਛੱਕਿਆ | ਉਪਰੰਤ ਗੁਰਮਤਿ ਚੇਤਨਾ ਮਾਰਚ ਪਿੰਡ ਦਲ ਸਿੰਘ ਵਾਲਾ, ਰਣ ਸਿੰਘ ਵਾਲਾ ਤੇ ਪਿੰਡ ਝੱਖੜਵਾਲਾ ਆਦਿ ਪਿੰਡਾਂ ਵਿਚ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ | ਇਸ ਚੇਤਨਾ ਮਾਰਚ ਦਾ ਮੁੱਖ ਮਕਸਦ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਪ੍ਰਤੀ ਜਾਗਰੂਕ ਕਰਨਾ ਸੀ | ਆਪਣੇ ਬੱਚਿਆਂ ਨੂੰ ਗੁਰਬਾਣੀ, ਗੁਰਮਤਿ ਸੰਗੀਤ, ਗੱਤਕਾ, ਸੱਭਿਆਚਾਰ ਨਾਲ ਜੋੜਨ ਲਈ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ (ਸੀਨੀ: ਸੈਕੰ:) ਗੰਗਸਰ ਜੈਤੋ ਵਿਚ ਦਾਖਲਾ ਕਰਵਾਉਣ ਦੀ ਵੀ ਅਪੀਲ ਕੀਤੀ |