ਕੋਟਕਪੂਰਾ, 25 ਦਸੰਬਰ (ਮੇਘਰਾਜ)-ਅੱਜ ਸਵੇਰੇ ਕੋਟਕਪੂਰਾ-ਜੈਤੋ ਬਾਈਪਾਸ 'ਤੇ ਪਏ ਡੂੰਘੇ ਟੋਇਆਂ 'ਚ ਵੱਜਣ ਕਾਰਨ ਪੀ.ਆਰ.ਟੀ.ਸੀ ਬੱਸ ਨੁਕਸਾਨੀ ਗਈ | ਕੋਟਕਪੂਰਾ ਤੋਂ ਜੈਤੋ ਜਾ ਰਹੀ ਪੀ.ਆਰ.ਟੀ.ਸੀ ਬੱਸ ਨੰਬਰ ਪੀ.ਬੀ 03 ਏ. ਐਕਸ 1310 ਜਦ ਬਾਈਪਾਸ ਤੋਂ ਜੈਤੋ ਵਾਲੇ ਪਾਸੇ ਨੂੰ ਮੁੜਨ ਲੱਗੀ ਤਾਂ ਉੱਥੇ ਡੂੰਘੇ ਟੋਏ 'ਚ ਵੱਜਣ ਕਾਰਨ ਪਿਛਲੇ ਟਾਇਰਾਂ ਦਾ ਐਕਸਲ ਟੁੱਟ ਗਿਆ ਜਿਸ ਕਾਰਨ ਬੱਸ ਉਸੇ ਥਾਂ 'ਤੇ ਹੀ ਰੁਕ ਗਈ | ਸੜਕ ਦੇ ਅੱਧ ਵਿਚਕਾਰ ਸੜਕ ਖੜ੍ਹਣ ਕਾਰਨ ਕੋਟਕਪੂਰਾ-ਜੈਤੋ ਸੜਕ ਦੇ ਦੋਨੋਂ ਪਾਸੇ ਲੰਬਾ ਜਾਮ ਲੱਗ ਗਿਆ ਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਕਤ ਬਾਈਪਾਸ 'ਤੇ ਡੂੰਘੇ ਟੋਏ ਪੈਣ ਕਾਰਨ ਵਾਹਨਾਂ ਦੀ ਨੁਕਸਾਨ ਹੋ ਚੁੱਕਾ ਹੈ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਦੱਸਣਯੋਗ ਹੈ ਕਿ ਕਈ ਵੱਡੇ ਰਾਜਸੀ ਨੇਤਾ, ਹਲਕੇ ਦੇ ਵਿਧਾਇਕ, ਮੰਤਰੀ, ਜ਼ਿਲ੍ਹੇ ਦੇ ਵੱਡੇ ਅਧਿਕਾਰੀ ਬਠਿੰਡਾ, ਜੈਤੋ ਜਾਂ ਹੋਰਨਾਂ ਪਿੰਡਾਂ 'ਚ ਜਾਂਦੇ ਹਨ ਇਸੇ ਬਾਈਪਾਸ ਦਾ ਇਸਤੇਮਾਲ ਕਰਦੇ ਹਨ ਪਰ ਉਨ੍ਹਾਂ ਨੂੰ ਸੜਕ 'ਤੇ ਪਏ ਡੂੰਘੇ ਟੋਏ ਦਿਖਾਈ ਨਹੀਂ ਦਿੰਦੇ | ਰਾਤ ਸਮੇਂ ਟੋਏ ਨਾ ਦਿਖਾਈ ਦੇਣ ਕਾਰਨ ਤੇਜ਼ ਰਫ਼ਤਾਰ ਵਾਹਨ ਯਕਦਮ ਟੋਏ 'ਚ ਵੱਜਦੇ ਹਨ ਤਾਂ ਵਾਹਨ ਦਾ ਨੁਕਸਾਨ ਹੁੰਦਾ ਹੈ | ਕਈ ਵਾਰ ਵਾਹਨ ਬੇਕਾਬੂ ਹੋਣ ਕਾਰਨ ਸੂਏ ਦੇ ਵੱਗਦੇ ਪਾਣੀ 'ਚ ਡਿੱਗੇ ਹਨ ਪਰ ਸਥਾਨਕ ਪ੍ਰਸ਼ਾਸਨ ਦਾ ਉਕਤ ਸਮੱਸਿਆ ਦੇ ਹੱਲ ਲਈ ਹਾਲੇ ਤੱਕ ਕੋਈ ਵੀ ਢੁੱਕਵੇਂ ਕਦਮ ਨਹੀਂ ਚੁੱਕੇ ਗਏ | ਲੋਕਾਂ ਦੀ ਪ੍ਰਸ਼ਾਸਨ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਪੁਰਜ਼ੋਰ ਮੰਗ ਹੈ ਕਿ ਕੋਟਕਪੂਰਾ-ਜੈਤੋ ਬਾਈਪਾਸ ਦਾ ਨਵ-ਨਿਰਮਾਣ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇ ਤੇ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਨਿਜ਼ਾਤ ਦਿਵਾਈ ਜਾਵੇ |