ਮੋਗਾ, 25 ਦਸੰਬਰ (ਸੁਰਿੰਦਰਪਾਲ ਸਿੰਘ)-ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਸਕੂਲ ਦੇ ਵਿਦਿਆਰਥੀਆਂ ਵਲੋਂ ਸਭ ਤੋਂ ਪਹਿਲਾਂ ਆਪਣੇ ਭਾਸ਼ਣ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਤੇ ਝਾਤ ਪਾਈ ਗਈ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਵਿਸਥਾਰ ਵਿਚ ਦੱਸਿਆ ਗਿਆ | ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਉੱਪਰ ਬੱਚਿਆਂ ਵਲੋਂ ਸ਼ਬਦ ਪੇਸ਼ ਕੀਤੇ ਗਏ | ਪੰਜਵੀਂ, ਅੱਠਵੀਂ ਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਗੁਰੂ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਉੱਪਰ ਵਿਚਾਰ ਪੇਸ਼ ਕਰਦਿਆਂ ਕਵੀਸ਼ਰੀ ਵੀ ਪੇਸ਼ ਕੀਤੀ ਗਈ | ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਦਰਸਾਉਂਦੀ ਕਵੀਸ਼ਰੀ ਪੇਸ਼ ਹੋਈ | ਵਿਦਿਆਰਥੀਆਂ ਵਲੋਂ ਇਸ ਮੌਕੇ 'ਤੇ ਕਈ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਜਿਸ 'ਚ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ | ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੇ ਇਹ ਦੱਸਿਆ ਕਿ ਪੋਹ ਮਹੀਨੇ ਨੂੰ ਸ਼ਹਾਦਤਾਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ | ਗੁਰੂ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਵਿਦਿਆਰਥੀਆਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਇਸ ਤਰ੍ਹਾਂ ਇਹ ਸ਼ਹੀਦੀ ਸਮਾਗਮ ਇਕ ਸਿੱਖਿਆਦਾਇਕ ਸਮਾਗਮ ਰਿਹਾ ਜਿਸ ਵਿਚ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਅਤੇ ਸਕੂਲ ਦੇ ਪਿ੍ੰਸੀਪਲ ਵੇਦ ਪ੍ਰਕਾਸ਼ ਸ਼ਰਮਾ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ |