ਲੰਬੀ, 26 ਦਸੰਬਰ (ਮੇਵਾ ਸਿੰਘ)-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਹੇਠ ਪਸ਼ੂ ਪਾਲਕਾਂ ਦੀ ਭਲਾਈ ਲਈ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ | ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਡਾ. ਗੁਰਦਿੱਤ ਸਿੰਘ ਔਲਖ ਨੇ ਦੱਸਿਆ ਕਿ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਲਈ ਵਿਭਾਗ ਵਲੋਂ ਸਮੇਂ-ਸਮੇਂ 'ਤੇ ਮੁਫ਼ਤ ਡੀ-ਵਾਰਮਿੰਗ ਕੀਤੀ ਜਾਂਦੀ ਹੈ ਤੇ ਮਾਰੂ ਬਿਮਾਰੀਆਂ ਤੋਂ ਬਚਾਅ ਲਈ ਪਸ਼ੂਆਂ 'ਚ ਮੂੰਹ ਖੁਰ, ਗਲ ਘੋਟੂ, ਲੰਪੀ ਸਕਿਨ ਬਿਮਾਰੀ ਦੀ ਵੈਕਸੀਨ ਲਗਾਉਣ ਤੋਂ ਇਲਾਵਾ ਬੱਕਰੀਆਂ, ਭੇਡਾਂ ਵਿਚ ਪੀ.ਪੀ.ਆਰ. ਤੇ ਈ.ਟੀ.ਵੀ., ਘੋੜਿਆਂ ਤੇ ਖੱਚਰਾਂ ਵਿਚ ਟੈਟਨਸ ਵੈਕਸੀਨ, ਕੁੱਤਿਆਂ ਵਿਚ ਹਲਕਾਅ ਤੋਂ ਬਚਾਅ ਲਈ ਮੁਫ਼ਤ ਐਂਟੀ ਰੇਬਿਜ ਵੈਕਸੀਨ ਲਗਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਬਿਹਤਰ ਪਸ਼ੂਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵੈਟਰਨਰੀ ਪੋਲੀ ਕਲੀਨਿਕ ਬਾਦਲ ਵਿਖੇ ਇਨਡੋਰ ਪੈਸ਼ੇਂਟ ਵਾਰਡ (ਆਈ.ਪੀ.ਡੀ.) ਦੀ ਸ਼ੁਰੂਆਤ ਕੀਤੀ ਗਈ ਹੈ | ਪੋਲੀ ਕਲੀਨਿਕ ਤੇ ਤਹਿਸੀਲ ਪੱਧਰ ਦੇ ਪਸ਼ੂ ਹਸਪਤਾਲਾਂ ਵਿਚ ਪਸ਼ੂਆਂ ਨੂੰ ਸੱਪ ਦੇ ਕੱਟੇ ਤੋਂ ਇਲਾਜ ਲਈ ਦਵਾਈ ਵੀ ਉਪਲੱਬਧ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਤਹਿਸੀਲਾਂ ਵਿਚ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਹਿਯੋਗ ਨਾਲ ਚਾਰ ਗਊਸ਼ਾਲਾਵਾਂ 'ਚ ਦਸੰਬਰ 2025 ਦੌਰਾਨ ਗਊ ਭਲਾਈ ਕੈਂਪ ਲਗਾਏ ਗਏ ਹਨ | ਇਨ੍ਹਾਂ ਗਊ ਭਲਾਈ ਕੈਂਪਾਂ 'ਚ ਗਾਵਾਂ ਦੇ ਇਲਾਜ ਤੋਂ ਇਲਾਵਾ ਹਰ ਗਊਸ਼ਾਲਾ ਨੂੰ 25,000 ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਹਨ |