ਮਲੋਟ, 26 ਦਸੰਬਰ (ਪਾਟਿਲ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਮਲੋਟ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਸਮੇਤ ਕਈ ਕਾਂਗਰਸੀ ਆਗੂ ਹਾਜ਼ਰ ਸਨ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਾਲੀਆ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਪੂਰੇ ਪੰਜਾਬ ਅੰਦਰ ਚੰਗਾ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਹਾਲਾਤ ਪੰਜਾਬ 'ਚ ਕਾਫ਼ੀ ਕਮਜ਼ੋਰ ਹਨ ਤੇ 11 ਜ਼ਿਲਿ੍ਹਆਂ ਵਿਚ ਅਕਾਲੀ ਦਲ ਦਾ ਖਾਤਾ ਤੱਕ ਨਹੀਂ ਖੁੱਲਿਆ | ਰਾਜਾ ਵੜਿੰਗ ਨੇ ਕਿਹਾ ਕਿ ਅਕਾਲੀ ਦਲ ਆਪਣੀ ਥੋੜ੍ਹੀ ਬਹੁਤ ਜਿੱਤ ਨੂੰ ਵੱਡੀ ਸਫ਼ਲਤਾ ਵਜੋਂ ਪੇਸ਼ ਕਰ ਰਿਹਾ ਹੈ | ਉਨ੍ਹਾਂ ਚੁਟਕੀ ਲੈਂਦਿਆ ਕਿਹਾ ਕਿ ਪਰ ਹਕੀਕਤ ਇਹ ਹੈ ਕਿ ਭਾਜਪਾ ਨਾਲ ਮਿਲ ਕੇ ਵੀ ਉਹ ਕਾਂਗਰਸ ਤੋਂ ਕਾਫ਼ੀ ਪਿੱਛੇ ਹਨ | ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਗ਼ਲਤ ਫਹਿਮੀਆਂ ਵਿਚ ਹੈ | ਮਲੋਟ ਤੇ ਗਿੱਦੜਬਾਹਾ ਦੇ ਹਾਲਾਤਾਂ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜ਼ਮੀਨੀ ਪੱਧਰ 'ਤੇ ਮਜ਼ਬੂਤ ਹੈ ਤੇ ਜਿੱਥੇ ਵੀ ਕੋਈ ਕਮਜ਼ੋਰੀ ਹੈ, ਉਸ ਨੂੰ ਦੂਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੀਡੀਆ ਵਲੋਂ ਛੋਟੀਆਂ ਗੱਲਾਂ ਨੂੰ ਵੱਡਾ ਬਣਾਇਆ ਜਾਂਦਾ ਹੈ, ਪਰ ਕਾਂਗਰਸ ਪਾਰਟੀ ਇਕਜੁੱਟ ਹੈ ਤੇ ਆਉਣ ਵਾਲੀਆਂ ਮਿਊਾਸੀਪਲ ਚੋਣਾਂ ਵਿਚ ਮਜ਼ਬੂਤ ਪ੍ਰਦਰਸ਼ਨ ਕਰੇਗੀ |