ਮਲੋਟ, 26 ਦਸੰਬਰ (ਪਾਟਿਲ)-ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਵਡਮੁੱਲੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਨਿਸ਼ਾਨ ਅਕੈਡਮੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਸਭ ਤੋਂ ਪਹਿਲਾਂ ਗੁਰਬਾਣੀ ਕੀਰਤਨ ਦੇ ਸ਼ਬਦ ਗਾਇਨ ਕੀਤੇ ਗਏ | ਉਪਰੰਤ ਵੱਡੇ ਸਾਹਿਬਜ਼ਾਦਿਆਂ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਕਵਿਸ਼ਰੀ, ਭਾਸ਼ਣ ਤੇ ਕਵਿਤਾ ਮੁਕਾਬਲੇ ਵੀ ਕਰਵਾਏ ਗਏ, ਜਿਸ 'ਚ ਛੋਟੇ ਤੇ ਵੱਡੇ ਵਿਦਿਆਰਥੀਆਂ ਨੇ ਵੱਖ-ਵੱਖ ਗਰੁੱਪਾਂ 'ਚ ਭਾਗ ਲਿਆ | ਅਕੈਡਮੀ ਵਿਖੇ ਵਿਸ਼ੇਸ਼ ਤੌਰ 'ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਡਾ. ਮਨਦੀਪ ਸਿੰਘ ਪਹੁੰਚੇ | ਉਨ੍ਹਾਂ ਕੁਇਜ਼ ਮੁਕਾਬਲੇ ਕਰਵਾ ਕੇ ਤੇ ਇਤਿਹਾਸ ਬਾਰੇ ਵਡਮੁੱਲੀ ਜਾਣਕਾਰੀ ਦਿੰਦਿਆਂ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਇਨਾਮ ਤਕਸੀਮ ਕੀਤੇ | ਉਪਰੰਤ ਅਕੈਡਮੀ ਦੇ ਅਧਿਆਪਕ ਮਨਪ੍ਰੀਤ ਕੌਰ ਵਲੋਂ ਵੀ ਛੋਟੇ-ਛੋਟੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ | ਸਮਾਗਮ ਲਈ ਅਕੈਡਮੀ ਦੇ ਬਹੁਤ ਸਾਰੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕੀਰਤਨ, ਭਾਸ਼ਣ, ਕਵਿਸ਼ਰੀ ਤੇ ਕੁਇਜ਼ ਦੀ ਤਿਆਰੀ ਕਰਵਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ | ਸਮਾਗਮ ਦੇ ਅਖ਼ੀਰ 'ਚ ਅਕੈਡਮੀ ਦੇ ਡਾਇਰੈਕਟਰ ਇਕਉਂਕਾਰ ਸਿੰਘ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਉਂਕਾਰ ਸਿੰਘ, ਪਿ੍ੰਸੀਪਲ ਹਰਪ੍ਰੀਤ ਕੌਰ ਤੇ ਵਾਇਸ ਪਿ੍ੰਸੀਪਲ ਵੀਰਪਾਲ ਕੌਰ ਨੇ ਸਮਾਗਮ ਦੀ ਸ਼ਲਾਘਾ ਕੀਤੀ |