ਮੰਡੀ ਲੱਖੇਵਾਲੀ, 27 ਦਸੰਬਰ (ਮਿਲਖ ਰਾਜ)-ਇਲਾਕੇ ਵਿਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਵਲੋਂ ਪਿੰਡ ਲੱਖੇਵਾਲੀ ਦੇ ਨਜ਼ਦੀਕ ਹੀ ਮੁੱਖ ਮਾਰਗ ਦੇ ਨਾਲੋਂ ਕਿਸਾਨਾਂ ਦੇ ਖੇਤਾਂ ਵਿਚ ਲੱਗੇ 10 ਟਰਾਂਸਫ਼ਾਰਮਰਾਂ 'ਚੋਂ ਤਾਂਬਾ ਚੋਰੀ ਕਰ ਲਿਆ ਗਿਆ | ਕਿਸਾਨਾਂ ਨੂੰ ਇਸ ਚੋਰੀ ਦਾ ਪਤਾ ਸਵੇਰੇ ਖੇਤ ਜਾਣ ਬਾਅਦ ਲੱਗਾ | ਚੋਰੀ ਦੀ ਸੂਚਨਾ ਸੰਬੰਧਿਤ ਵਿਭਾਗ ਤੇ ਪੁਲਿਸ ਥਾਣਾ ਲੱਖੇਵਾਲੀ ਵਿਖੇ ਦਿੱਤੀ ਗਈ ਹੈ | ਇਸ ਦੌਰਾਨ ਕਿਸਾਨ ਸੁਖਚੈਨ ਸਿੰਘ ਬਰਾੜ, ਅਮਰ ਸਿੰਘ ਬਰਾੜ, ਰਾਜਿੰਦਰ ਸਿੰਘ ਬਰਾੜ, ਇਕਬਾਲ ਸਿੰਘ ਬਰਾੜ, ਹਰਬੰਸ ਸਿੰਘ ਬਰਾੜ, ਪਾਲ ਸਿੰਘ, ਰਾਜੂ ਰੰਗਬੁੱਲਾ ਆਦਿ ਦੇ ਖੇਤਾਂ ਵਿਚ ਟਰਾਂਸਫ਼ਾਰਮਰਾਂ 'ਚੋਂ ਤਾਂਬਾ ਚੋਰੀ ਹੋਇਆ | ਜ਼ਿਕਰਯੋਗ ਹੈ ਕਿ ਝੋਨੇ ਦੇ ਸੀਜਨ ਦੌਰਾਨ ਵੀ ਇਸ ਇਲਾਕੇ ਵਿਚ ਵੱਡੀ ਗਿਣਤੀ 'ਚ ਚੋਰੀਆਂ ਹੋਈਆਂ ਸਨ, ਲੇਕਿਨ ਅੱਜ ਤੱਕ ਕਿਸੇ ਇਕ ਚੋਰੀ ਦਾ ਵੀ ਪਤਾ ਪੁਲਿਸ ਨਹੀਂ ਲਗਾ ਸਕੀ | ਇਸ ਸਮੇਂ ਕਿਸਾਨਾਂ ਨੂੰ ਕਣਕ ਦੀ ਫ਼ਸਲ ਲਈ ਪਾਣੀ ਦੀ ਸਖ਼ਤ ਲੋੜ ਹੁੰਦੀ ਹੈ | ਟਰਾਂਸਫ਼ਾਰਮਰ ਚੋਰੀ ਹੋਣ ਨਾਲ ਕਿਸਾਨਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ | ਕਿਸਾਨਾਂ ਦੀ ਪਾਵਰਕਾਮ ਦੇ ਅਧਿਕਾਰੀਆਂ ਤੋਂ ਮੰਗ ਹੈ ਕਿ ਉਨ੍ਹਾਂ ਦੇ ਟਰਾਂਸਫ਼ਾਰਮਰ ਪਹਿਲ ਦੇ ਆਧਾਰ 'ਤੇ ਨਵੇਂ ਰੱਖੇ ਜਾਣ, ਤਾਂ ਜੋ ਉਹ ਆਪਣੀ ਫ਼ਸਲ ਨੂੰ ਸਮੇਂ ਸਿਰ ਸੰਭਾਲ ਸਕਣ |