ਮਲੋਟ, 27 ਦਸੰਬਰ (ਅਜਮੇਰ ਸਿੰਘ ਬਰਾੜ)-ਮਨਰੇਗਾ ਦੀ ਥਾਂ ਲੈਣ ਵਾਲੀ ਨਵੀਂ ਸਕੀਮ 'ਵਿਕਸਿਤ ਭਾਰਤ ਜੀ ਰਾਮ ਜੀ' ਦੀ ਖ਼ਿਲਾਫ਼ਤ ਕਰਨ ਲਈ ਮਜ਼ਦੂਰਾਂ ਨੇ ਸੰਘਰਸ਼ੀ ਪਿੜ ਵਿਚ ਚਿੱਤਰਨ ਲਈ ਨਗਾਰੇ 'ਤੇ ਚੋਟ ਲਗਾ ਦਿੱਤੀ ਹੈ | ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਜ਼ਦੂਰਾਂ ਨੇ ਮਲੋਟ ਵਿਖੇ ਕੇਂਦਰ ਸਰਕਾਰ ਵਲੋਂ ਲਿਆਂਦੀ ਨਵੀਂ ਸਕੀਮ ਦਾ ਵਿਰੋਧ ਕਰਦਿਆਂ ਮੁਜ਼ਾਹਰਾ ਕਰਕੇ ਇਸ ਸਕੀਮ ਦੀਆਂ ਕਾਪੀਆਂ ਸਾੜੀਆਂ | ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਖ਼ਜ਼ਾਨਚੀ ਬਾਜ ਸਿੰਘ ਭੁੱਟੀਵਾਲਾ, ਕਾਲਾ ਸਿੰਘ ਖੂੰਨਣ ਖ਼ੁਰਦ, ਕਾਕਾ ਸਿੰਘ ਖੁੰਡੇ ਹਲਾਲ, ਰਾਜਾ ਸਿੰਘ ਖੂੰਨਣ ਖ਼ੁਰਦ, ਤਰਸੇਮ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਨਰੇਗਾ 'ਚ ਪਾਏ ਜਾਂਦੇ ਆਪਣੇ ਵਿੱਤੀ ਬਜਟ ਨੂੰ 90 ਫ਼ੀਸਦੀ ਤੋਂ ਘਟਾ ਕੇ 60 ਫ਼ੀਸਦੀ ਕਰ ਦਿੱਤਾ ਹੈ ਅਤੇ ਬਾਕੀ ਦਾ ਬੋਝ ਪਹਿਲਾਂ ਹੀ ਕੰਗਾਲੀ ਦੀ ਹਾਲਤ ਵਰਗੇ ਰਾਜਾਂ 'ਤੇ ਮੜ੍ਹ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰ ਤਾਂ ਹੁਣ ਤੱਕ ਇਹੋ ਮੰਗ ਕਰਦੇ ਆ ਰਹੇ ਸਨ ਕਿ ਮਨਰੇਗਾ ਸਕੀਮ 'ਚ ਹੁੰਦੀ ਸਿਆਸੀ ਦਖ਼ਲਅੰਦਾਜ਼ੀ, ਭਿ੍ਸ਼ਟਾਚਾਰ ਨੂੰ ਰੋਕਣ, ਬਜਟ ਵਧਾਉਣ ਅਤੇ ਮਨਰੇਗਾ ਨੂੰ ਪੈਦਾਵਾਰੀ ਕੰਮਾਂ ਨਾਲ ਜੋੜ ਕੇ ਸਕੀਮ ਦਾ ਘੇਰਾ ਵਧਾਇਆ ਜਾਵੇ, ਪਰ ਕੇਂਦਰ ਸਰਕਾਰ ਨੇ ਹੁਣ ਗੰਗਾ ਉਲਟੀ ਹੀ ਵਹਾ ਦਿੱਤੀ ਹੈ | ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੀ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਲਈ ਜਨਤਕ ਖੇਤਰ ਦੀਆਂ ਜਾਇਦਾਦਾਂ ਵੇਚਣ ਤੇ ਪੱਕੇ ਰੁਜ਼ਗਾਰ ਦੀ ਥਾਂ ਠੇਕਾ ਭਰਤੀ ਦੀ ਨੀਤੀ ਲਾਗੂ ਕਰ ਰਹੀ ਹੈ | ਅਖ਼ੀਰ ਵਿਚ ਆਗੂਆਂ ਨੇ ਐਲਾਨ ਕੀਤਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਹੱਕੀ ਮਜ਼ਦੂਰ ਮੰਗਾਂ ਲਈ 6 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਅੱਗੇ ਧਰਨਾ ਦਿੱਤਾ ਜਾਵੇਗਾ | ਇਸ ਤੋਂ ਇਲਾਵਾ 16 ਜਨਵਰੀ ਨੂੰ ਬਿਜਲੀ ਬਿੱਲ 2025, ਬੀਜ ਬਿੱਲ, ਲੇਬਰ ਕੋਡ ਵਰਗੇ ਲੋਕ ਵਿਰੋਧੀ ਨੀਤੀਆਂ ਨੂੰ ਰੱਦ ਕਰਵਾਉਣ ਲਈ ਦੇਸ਼ ਪੱਧਰੀ ਜਨਤਕ ਤੇ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ |