ਲੰਬੀ, 2 ਸਤੰਬਰ (ਮੇਵਾ ਸਿੰਘ)-ਪੰਜਾਬ ਸਰਕਾਰ ਵਲੋਂ ਲੋਕਾਂ ਦੇ ਆਮ ਘਰੇਲੂ ਕੰਮ-ਧੰਦਿਆਂ ਸੰਬੰਧੀ ਸਰਕਾਰੀ ਦਫ਼ਤਰਾਂ 'ਚੋਂ ਗੇੜੇ ਘਟਾਉਣ ਲਈ ਸਰਕਾਰ ਨੇ ਹੁਣ ਪਿੰਡ-ਪਿੰਡ ਪਹੁੰਚ ਕਰਕੇ ਦਫ਼ਤਰਾਂ 'ਚ ਹੋਣ ਵਾਲੇ ਕੰਮਾਂ ਨੂੰ ਪਿੰਡਾਂ 'ਚ ਕੈਂਪ ਲਗਾ ਕੇ ਕਰਨਾ ਸ਼ੁਰੂ ਕਰ ਦਿੱਤਾ ਹੈ | ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਅਬੁੱਲਖੁਰਾਣਾ ਦੇ ਗੁਰਦੁਆਰਾ ਸਾਹਿਬ 'ਚ ਲਗਾਏ ਕੈਂਪ ਦਾ ਉਦਘਾਟਨ ਕਰਨ ਤੋਂ ਬਾਅਦ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਤੋਂ ਪਹਿਲਾਂ ਪਿੰਡ ਦੇ ਲੜਕੀਆਂ ਦੇ ਪ੍ਰਾਇਮਰੀ ਸਕੂਲ ਵਿਚ ਇਕ ਆਂਗਣਵਾੜੀ ਸੈਂਟਰ ਦਾ ਉਦਘਾਟਨ ਵੀ ਕੀਤਾ | ਉਨ੍ਹਾਂ ਖ਼ਾਸਕਰ ਲੜਕੀਆਂ ਵਾਲੇ ਸਕੂਲ ਦੀਆਂ ਜਿਹੜੀਆਂ ਵਿਦਿਆਰਥਣਾਂ ਨੇ ਪੜ੍ਹਾਈ ਤੇ ਖੇਡਾਂ ਵਿਚ ਪੁਜ਼ੀਸ਼ਨਾਂ ਹਾਸਿਲ ਕੀਤੀਆਂ, ਉਨ੍ਹਾਂ ਦੇ ਮਨੋਬਲ ਨੂੰ ਹੋਰ ਵਧਾਉਣ ਲਈ ਸਕੂਲੀ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ | ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡਾਂ ਦੀਆਂ ਜਿਹੜੀਆਂ ਭੈਣਾਂ ਆਰਥਿਕ ਪੱਖੋਂ ਆਪਣੇ ਪੈਰਾਂ ਸਿਰ ਹੋਣ ਲਈ ਕੋਈ ਨਾ ਕੋਈ ਕੰਮ ਸਿੱਖਣਾ ਚਾਹੁੰਦੀਆਂ ਹਨ, ਉਨ੍ਹਾਂ ਵਾਸਤੇ ਸਰਕਾਰ ਪਿੰਡਾਂ ਵਿਚ ਪਹਿਲਾਂ ਸਿਖਲਾਈ ਦੇਣ ਲਈ ਸਿਲਾਈ ਸੈਂਟਰ ਖੋਲ੍ਹੇਗੀ ਤੇ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੀ ਹੋਰ ਵੀ ਸਹਾਇਤਾ ਕੀਤੀ ਜਾਵੇਗੀ | ਇਸ ਮੌਕੇ ਰਾਕੇਸ਼ ਬਿਸ਼ਨੋਈ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਲੰਬੀ, ਰਤਨਦੀਪ ਕੌਰ ਜ਼ਿਲ੍ਹਾ ਅਫ਼ਸਰ, ਰਾਜਵੰਤ ਕੌਰ ਸੀ.ਡੀ.ਪੀ.ਓ. ਲੰਬੀ, ਪਿੰਡ ਦੀ ਸਰਪੰਚ ਅਮਨਦੀਪ ਕੌਰ, ਵਿੱਕੀ ਅਬੁੱਲਖੁਰਾਣਾ, ਕੁਲਵਿੰਦਰ ਸਿੰਘ ਜੇ.ਈ. ਮਨਰੇਗਾ ਤੇ ਹੋਰ ਵੀ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਮੌਜੂਦ ਸਨ |