ਫ਼ਰੀਦਕੋਟ, 2 ਸਤੰਬਰ (ਸਰਬਜੀਤ ਸਿੰਘ)-ਪੰਜਾਬੀ ਦੇ ਪਹਿਲੇ ਕਵੀ ਅਤੇ ਸੂਫ਼ੀ ਫ਼ਕੀਰ ਬਾਬਾ ਸ਼ੇਖ਼ ਫ਼ਰੀਦ ਦੇ ਨਾਂਅ 'ਤੇ ਵਸੇ ਫ਼ਰੀਦਕੋਟ ਸ਼ਹਿਰ 'ਚ ਹਰ ਸਾਲ ਸਤੰਬਰ ਦੇ ਮਹੀਨੇ ਇੱਥੇ ਬਾਬਾ ਫ਼ਰੀਦ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਬਾਬਾ ਫ਼ਰੀਦ ਆਗਮਨ ਪੁਰਬ ਮਨਾਇਆ ਜਾਂਦਾ ਹੈ ਅਤੇ ਇੱਥੇ ਵਿਰਾਸਤੀ ਮੇਲਾ ਲੱਗਦਾ ਹੈ | ਇਸ ਮੇਲੇ ਦੀਆਂ ਤਿਆਰੀਆਂ ਇਕ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਅਤੇ 21 ਤੋਂ 23 ਸਤੰਬਰ ਤੱਕ ਆਖਰੀ ਦਿਨਾਂ 'ਚ ਇਹ ਮੇਲਾ ਪੂਰੀ ਤਰ੍ਹਾਂ ਭੱਖਦਾ ਹੈ ਅਤੇ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਇਸ ਮੇਲੇ ਵਿਚ ਸ਼ਿਰਕਤ ਕਰਦੀਆਂ ਹਨ | ਸ਼ਹਿਰ ਦੀਆਂ ਸੜਕਾਂ, ਚੌਕਾਂ, ਡਿਵਾਈਡਰਰਾਂ ਅਤੇ ਰਿਆਸਤੀ ਇਮਾਰਤਾਂ ਦੀ ਮੁਰੰਮਤ ਦਾ ਕੰਮ ਜ਼ੋਰਾਂ 'ਤੇ ਹੁੰਦਾ ਹੈ | ਸਾਰੇ ਸ਼ਹਿਰ ਵਿਚ ਸੜਕਾਂ 'ਤੇ ਪ੍ਰੀਮਿਕਸ ਪਾਇਆ ਜਾਂਦਾ ਰਿਹਾ ਹੈ ਪ੍ਰੰਤੂ ਪਿਛਲੇ 7-8 ਸਾਲਾਂ ਤੋਂ ਪ੍ਰਸ਼ਾਸਨ ਵਲੋਂ ਮੇਲੇ ਵਿਚ ਸ਼ਹਿਰ ਨੂੰ ਸ਼ਿੰਗਾਰਨ ਲਈ ਵਿਸ਼ੇਸ਼ ਉਪਰਾਲੇ ਨਹੀਂ ਕੀਤੇ ਗਏ ਅਤੇ ਕੇਵਲ ਖਾਨਾਪੂਰਤੀ ਦੀ ਹੱਦ ਤੱਕ ਹੀ ਮਨਾਇਆ ਜਾਂਦਾ ਰਿਹਾ ਹੈ | ਮੇਲੇ ਵਿਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦੇ ਸਨ ਅਤੇ ਇਲਾਕੇ ਨੂੰ ਕੋਈ ਨਾ ਕੋਈ ਵਿਸ਼ੇਸ਼ ਸੁਗਾਤ ਜ਼ਰੂਰ ਦੇ ਕੇ ਜਾਂਦੇ ਸਨ ਪ੍ਰੰਤੂ ਪਿਛਲੇ 7-8 ਸਾਲਾਂ ਤੋਂ ਮੇਲੇ ਵਿਚ ਨਾ ਤਾਂ ਕਿਸੇ ਮੁੱਖ ਮੰਤਰੀ ਵਲੋਂ ਸ਼ਿਰਕਤ ਕੀਤੀ ਗਈ ਅਤੇ ਨਾ ਹੀ ਸ਼ਹਿਰ ਦੀਆਂ ਸੜਕਾਂ ਇਮਾਰਤਾਂ ਦੀ ਸਹੀ ਮੁਰੰਮਤ ਹੋਈ ਅਤੇ ਨਾ ਹੀ ਸ਼ਹਿਰ ਨੂੰ ਕੋਈ ਵਿਸ਼ੇਸ਼ ਪ੍ਰੋਜੈਕਟ ਮਿਲਿਆ ਹੈ | ਇਸ ਵਾਰ ਵੀ ਸ਼ਹਿਰ ਦੀਆਂ ਸੜਕਾਂ ਅਤੇ ਚੌਂਕਾ ਦਾ ਕਾਫ਼ੀ ਮੰਦਾ ਹਾਲ ਹੈ | ਤਿੰਨ ਸਾਲ ਤੋਂ ਚੱਲ ਰਹੇ ਕੁਝ ਸੜਕਾਂ ਅਤੇ ਪੁਲਾਂ ਦੇ ਕੰਮ ਵਿਚੇ ਹੀ ਲਟਕਦੇ ਆ ਰਹੇ ਹਨ | ਸ਼ਹਿਰ ਭਰ 'ਚ ਸੜਕਾਂ ਵਿਚ ਇੰਨੇ ਵੱਡੇ-ਵੱਡੇ ਟੋਏ ਪਏ ਹੋਏ ਹਨ ਕਿ ਗੱਡੀਆਂ ਵੀ ਵਿਚ ਫ਼ਸ ਜਾਂਦੀਆਂ ਹਨ ਅਤੇ ਥੋੜੇ ਜਿਹੇ ਮੀਂਹ ਨਾਲ ਹੀ ਲੱਕ ਲੱਕ ਤੱਕ ਪਾਣੀ ਖੜ ਜਾਂਦਾ ਹੈ | ਹਰ ਪਾਸੇ ਧੂੜ ਘੱਟੇ ਅਤੇ ਟੋਏ ਟਿੱਬੇ ਹੀ ਨਜ਼ਰ ਆ ਰਹੇ ਹਨ | ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਇਨ੍ਹਾਂ ਟੋਇਆਂ ਟਿੱਬਿਆਂ ਅਤੇ ਧੂੜ ਘੱਟੇ ਵਿਚ ਹੀ ਮੇਲਾ ਦੇਖਣਾ ਪਵੇਗਾ | ਇਲਾਕੇ ਦੇ ਸਿਆਸੀ ਆਗੂ ਵੀ ਸ਼ਹਿਰ ਦੀ ਦਿੱਖ ਸਵਾਰਨ ਵਿਚ ਅਸਮਰੱਥ ਹੀ ਨਜ਼ਰ ਆ ਰਹੇ ਹਨ | ਲੇਪਾ ਪੂਚੀ ਲਈ ਪ੍ਰਸ਼ਾਸਨ ਵਲੋਂ ਰਿਕਸ਼ੇ 'ਤੇ ਕੁਝ ਬੋਰੀਆਂ ਰੱਖ ਕੇ ਟੋਏ ਭਰਾਏ ਜਾਣ ਦਾ ਮੰਜ਼ਰ ਜ਼ਰੂਰ ਨਜ਼ਰ ਆਵੇਗਾ ਅਤੇ ਟੁੱਟੇ ਡਵਾਈਡਰਾਂ ਅਤੇ ਚੌਂਕਾਂ 'ਤੇ ਰੰਗ ਰੋਗਨ ਕਰਨ ਦੀ ਖਾਨਾਪੂਰਤੀ ਦਿਸੇਗੀ | ਸ਼ਹਿਰ ਦੀ ਐਂਟਰੀ 'ਤੇ ਬਣ ਰਹੇ ਨਹਿਰਾਂ 'ਤੇ ਦੋਵੇਂ ਪੁਲਾਂ ਦਾ ਕੰਮ ਬਹੁਤ ਹੀ ਸੁਸਤ ਚਾਲ ਨਾਲ ਚੱਲ ਰਿਹਾ ਹੈ | ਮੇਲੇ ਦੇ ਆਖਰੀ ਦਿਨ 23 ਸਤੰਬਰ ਨੂੰ ਕੋਟਕਪੂਰਾ ਪੁਲ ਤੋਂ ਨਗਰ ਕੀਰਤਨ ਲੰਘਣਾ ਹੈ ਅਤੇ ਇਸ ਨਗਰ ਕੀਰਤਨ ਵਿਚ ਲੱਖਾਂ ਸੰਗਤਾਂ ਆਪਣੀਆਂ ਹਾਜ਼ਰੀਆਂ ਭਰਦੀਆਂ ਹਨ ਅਤੇ ਇਸ ਪੁਲ ਤੋਂ ਲੰਘਣ ਲਈ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸੜਕਾਂ ਦਾ ਬਹੁਤ ਮੰਦਾ ਹਾਲ ਹੈ ਅਤੇ ਸੜਕਾਂ ਦੇ ਖਾਨਾਪੂਰਤੀ ਪੱਚ ਦੇ ਕੰਮਾਂ ਦੀ ਜਗ੍ਹਾ ਪ੍ਰੀਮਿਕਸ ਪਾ ਕੇ ਸੜਕਾਂ ਨੂੰ ਇਕਸਾਰ ਕੀਤਾ ਜਾਵੇ ਤਾਂ ਕਿ ਮੇਲੇ ਵਿਚ ਆਉਣ ਵਾਲੇ ਦਰਸ਼ਕ ਸ਼ਹਿਰ ਦੀ ਚੰਗੀ ਦਿੱਖ ਆਪਣੇ ਮਨਾਂ ਵਿਚ ਲੈ ਕੇ ਜਾਣ |