ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਡਾ. ਅਖਿਲ ਚੌਧਰੀ ਐੱਸ. ਐੱਸ. ਪੀ. ਦੀ ਅਗਵਾਈ 'ਚ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ 'ਚ ਜ਼ਿਲ੍ਹਾ ਪੁਲਿਸ ਹੈੱਡ ਕੁਆਰਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਕਰਵਾਇਆ, ਜਿਸ 'ਚ ਮੁੱਖ ਮਹਿਮਾਨ ਵਜੋਂ ਰਾਜ ਕੁਮਾਰ ਗਰਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਸ਼ਿਰਕਤ ਕੀਤੀ ਅਤੇ ਸਮਾਗਮ 'ਚ ਪਰੇਡ ਵਲੋਂ ਬੈਂਡ ਦੀਆਂ ਧੁਨਾਂ 'ਤੇ ਸ਼ੋਕ ਸਲਾਮੀ ਦੇ ਕੇ ਸ਼ਹੀਦ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਡਾ. ਅਖਿਲ ਚੌਧਰੀ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਕਿਹਾ ਕਿ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ | ਪਿਛਲੇ ਸਮੇਂ ਤੋਂ ਦੇਸ਼ ਦੀ ਸੁਰੱਖਿਆ ਲਈ ਅਪਰਾਧੀ ਵਿਅਕਤੀਆਂ ਨਾਲ ਲੜਦੇ ਹੋਏ ਜੋ ਪੁਲਿਸ ਮੁਲਾਜ਼ਮ ਸ਼ਹੀਦ ਹੋਏ ਹਨ, ਉਨ੍ਹਾਂ ਨੂੰ ਸਾਡੇ ਵਲੋਂ ਦਿਲ ਤੋਂ ਸਲਾਮ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮੇਸ਼ਾ ਅਸੀਂ ਦੁੱਖ-ਸੁੱਖ 'ਚ ਖੜ੍ਹੇ ਹਾਂ | ਉਨ੍ਹਾਂ ਕਿਹਾ ਕਿ ਪੁਲਿਸ ਆਪਣੀ ਇਸੇ ਵਿਰਾਸਤ 'ਤੇ ਮਾਣ ਕਰਦੀ ਹੋਈ ਆਪਣੀ ਰਵਾਇਤ ਅਨੁਸਾਰ ਅੰਦਰੂਨੀ ਸੁਰੱਖਿਆ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਂਦੀ ਰਹੇਗੀ ਅਤੇ ਜਿੱਥੇ ਸਾਡਾ ਦਿਲ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ 'ਚ ਫਖ਼ਰ ਨਾਲ ਭਰਿਆ ਹੁੰਦਾ ਹੈ, ਉੱਥੇ ਹੀ ਅੱਖਾਂ ਵੀ ਨਮ ਹੁੰਦੀਆਂ ਹਨ | ਇਸ ਮੌਕੇ ਜਸਵਰਿੰਦਰ ਸਿੰਘ ਡੀ. ਐੱਸ. ਪੀ. (ਹੋਮੀ ਸਾਈਡ ਐਂਡ ਫਰਾਂਸਿਕ) ਸ੍ਰੀ ਮੁਕਤਸਰ ਸਾਹਿਬ ਵਲੋਂ ਦੇਸ਼ ਦੀਆਂ ਵੱਖ-ਵੱਖ ਸੁਰੱਖਿਆਂ ਫੋਰਸਾਂ ਦੇ ਸ਼ਹੀਦ ਹੋਏ ਅਫ਼ਸਰਾਂ ਤੇ ਜਵਾਨਾਂ ਦੇ ਨਾਵਾਂ ਦੀ ਸੂਚੀ ਪੜ੍ਹ ਕੇ ਉਨ੍ਹਾਂ ਨੂੰ ਯਾਦ ਕੀਤਾ | ਸਟੇਜ ਸੈਕਟਰੀ ਵਜੋਂ ਏ. ਐੱਸ. ਆਈ. ਗੁਰਦੇਵ ਸਿੰਘ ਨੇ ਡਿਊਟੀ ਨਿਭਾਈ | ਇਸ ਮੌਕੇ ਆਪਣਾ ਫ਼ਰਜ਼ ਨਿਭਾਉਂਦੇ ਸ਼ਹੀਦ ਹੋਏ ਪੁਲਿਸ ਤੇ ਅਰਧ ਫ਼ੌਜੀ ਬਲਾਂ ਦੇ ਅਫ਼ਸਰਾਂ ਅਤੇ ਜਵਾਨਾਂ ਨੂੰ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ | ਅੰਗਰੇਜ਼ ਸਿੰਘ ਡੀ. ਐੱਸ. ਪੀ. (ਮਲੋਟ) ਦੀ ਅਗਵਾਈ ਹੇਠ ਪੁਲਿਸ ਦੀ ਟੁਕੜੀ ਵਲੋਂ ਸ਼ਹੀਦਾਂ ਦੇ ਸਨਮਾਨ 'ਚ ਹਥਿਆਰ ਨੀਂਵੇ ਕਰਕੇ ਸੋਗ ਸਲਾਮੀ ਦਿੱਤੀ ਗਈ ਅਤੇ ਬਿਗਲਰ ਵਲੋਂ ਮਾਤਵੀਂ ਧੁੰਨ ਵਜਾਈ ਗਈ | ਉਪਰੰਤ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਐੱਸ.ਐੱਸ.ਪੀ. ਵਲੋਂ ਸ਼ਹੀਦ ਪੁਲਿਸ ਪਰਿਵਾਰਾਂ ਨਾਲ ਮਿਲ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਸੁਣੀਆਂ ਗਈਆਂ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜੁਗਰਾਜ ਸਿੰਘ ਕਾਹਲੋਂ ਐੱਸ. ਡੀ. ਐੱਮ. (ਮਲੋਟ), ਮਨਮੀਤ ਸਿੰਘ ਢਿੱਲੋਂ ਐੱਸ. ਪੀ. (ਡੀ), ਰਾਜਨ ਸ਼ਰਮਾ ਐੱਸ. ਪੀ. (ਐੱਚ), ਪ੍ਰਦੀਪ ਸਿੰਘ ਡੀ. ਐੱਸ. ਪੀ. (ਐੱਨ. ਡੀ. ਪੀ. ਐੱਸ.), ਨਵੀਨ ਕੁਮਾਰ ਡੀ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ, ਅਰੁਣ ਮੁੰਡਨ ਡੀ. ਐੱਸ. ਪੀ. ਗਿੱਦੜਬਾਹਾ, ਇਸ਼ਨਾਨ ਸਿੰਗਲਾ ਡੀ. ਐੱਸ. ਪੀ. ਲੰਬੀ, ਅਮਨਦੀਪ ਸਿੰਘ ਡੀ. ਐੱਸ. ਪੀ. (ਐੱਚ), ਹਰਜੀਤ ਸਿੰਘ ਡੀ. ਐੱਸ. ਪੀ. (ਸੀ. ਏ. ਡਬਲਿਊ. ਐਂਡ ਸੀ.), ਦਰਸ਼ਨ ਸਿੰਘ ਸੰਧੂ ਰਿਟਾ. ਡੀ. ਐੱਸ. ਪੀ., ਸਮੂਹ ਮੁੱਖ ਅਫ਼ਸਰਾਂ ਥਾਣਾ ਤੋਂ ਇਲਾਵਾ ਦਫ਼ਤਰ ਸਟਾਫ਼ ਮੈਂਬਰ ਹਾਜ਼ਰ ਸਨ |