ਫ਼ਰੀਦਕੋਟ, 7 ਦਸੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਵਲੋਂ ਸਮੁੱਚੇ ਜ਼ਿਲ੍ਹੇ 'ਚ ਵੱਡੇ ਪੱਧਰ 'ਤੇ 'ਕਾਰਡਨ ਐਂਡ ਸਰਚ ਓਪਰੇਸ਼ਨ' (ਕੈਸੋ) ਚਲਾਇਆ ਗਿਆ | ਇਹ ਸਰਚ ਆਪ੍ਰੇਸ਼ਨ ਮਨਵਿੰਦਰਬੀਰ ਸਿੰਘ ਐਸ.ਪੀ (ਸਥਾਨਕ) ਤੇ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਦੀ ਸੁਪਰਵੀਜਨ ਹੇਠ ਡੀ.ਐਸ.ਪੀ ਰੈਂਕ ਦੇ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਹੇਠ 100 ਦੇ ਕਰੀਬ ਪੁਲਿਸ ਕਰਮਚਾਰੀਆਂ ਵਲੋਂ ਸੁਭਾ 6 ਵਜੇ ਤੋਂ 8:30 ਵਜੇ ਤੱਕ ਚਲਾਇਆ ਗਿਆ | ਇਸ ਸਰਚ ਆਪ੍ਰੇਸ਼ਨ ਦੌਰਾਨ ਗਜਟਿਡ ਅਫ਼ਸਰਾਂ ਦੀ ਅਗਵਾਈ ਹੇਠ ਪੁਲਿਸ ਕਰਮਚਾਰੀਆਂ ਦੀਆਂ 4 ਵਿਸ਼ੇਸ਼ ਟੀਮਾਂ ਗਠਿਤ ਕਰਕੇ ਵੱਖ-ਵੱਖ ਨਸ਼ਾ ਤਸਕਰਾਂ ਦੇ ਸ਼ੱਕੀ ਠਿਕਾਣਿਆਂ 'ਤੇ ਅਚਨਚੇਤ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ | ਇਸ ਦੌਰਾਨ ਜਿਨ੍ਹਾਂ ਵਿਅਕਤੀਆਂ 'ਤੇ ਪਹਿਲਾਂ ਐਨ.ਡੀ.ਪੀ.ਐਸ ਤਹਿਤ ਮੁਕੱਦਮੇ ਦਰਜ ਹਨ ਜਿਨ੍ਹਾਂ ਦੇ ਕਿ੍ਮੀਨਲ ਰਿਕਾਰਡ ਹਨ, ਉਨ੍ਹਾਂ ਉੱਪਰ ਪੁਲਿਸ ਪਾਰਟੀਆਂ ਵਲੋਂ ਰੇਡ ਕਰਕੇ ਸਰਚ ਕੀਤਾ ਗਿਆ ਹੈ | ਇਸ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਤੇ ਵਾਹਨਾਂ ਦੀ ਸ਼ੱਕ ਦੇ ਅਧਾਰ 'ਤੇ ਜਾਂਚ ਕੀਤੀ ਗਈ | ਇਸ ਦੌਰਾਨ ਡਰੋਨ ਕੈਮਰਿਆਂ ਰਾਹੀਂ ਸ਼ੱਕੀ ਵਿਅਕਤੀਆਂ ਸ਼ੱਕੀ ਥਾਵਾਂ 'ਤੇ ਨਿਗਾ ਰੱਖੀ ਗਈ | ਜ਼ਿਲ੍ਹਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਨਸ਼ਾ ਪੀੜਤਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਕੇ ਨਸ਼ਾ ਛੁਡਾਊ ਕੇਂਦਰਾਂ ਵਿਚ ਵੀ ਭਰਤੀ ਕਰਵਾਇਆ ਜਾ ਰਿਹਾ ਹੈ |