ਦੋ ਤਰੀਕਾਂ ਬਾਰੇ ਸ਼੍ਰੋਮਣੀ ਕਮੇਟੀ ਨਾਲ ਨਹੀਂ ਖ਼ਤਮ ਕੀਤਾ ਜਾ ਸਕਿਆ ਵਿਵਾਦ
<br/>
ਅੰਮਿ੍ਤਸਰ, 1 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਕਈ ਵਰਿ੍ਹਆਂ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ 16 ਜੂਨ ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਜਦਕਿ ਸ਼੍ਰੋਮਣੀ ਕਮੇਟੀ ਇਹ ਦਿਹਾੜਾ ਨਾਨਕਸ਼ਾਹੀ ਸੰਮਤ ਕੈਲੰਡਰ ਮੁਤਾਬਿਕ ਵੱਖ-ਵੱਖ ਤਰੀਕਾਂ ਨੂੰ ਮਨਾ ਰਹੀ ਹੈ | ਭਾਰਤ ਅਤੇ ਪਾਕਿ 'ਚ ਬਣੇ ਤਾਜ਼ਾ ਤਣਾਅ ਮੌਕੇ ਬੰਦ ਕੀਤੀਆਂ ਸਰਹੱਦਾਂ ਦੌਰਾਨ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਵਲੋਂ ਜਨਤਕ ਤੌਰ 'ਤੇ ਸ਼ਹੀਦੀ ਦਿਹਾੜੇ ਦੀਆਂ ਦੋ ਤਰੀਕਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਬਣੇ ਵਿਵਾਦ ਨੂੰ ਖ਼ਤਮ ਦਾ ਐਲਾਨ ਕੀਤਾ ਗਿਆ ਸੀ | ਉਨ੍ਹਾਂ ਨੇ ਅਧਿਕਾਰਤ ਤੌਰ 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਵਾਰ ਪਾਕਿ 'ਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ 16 ਜੂਨ ਦੇ ਨਾਲ-ਨਾਲ 30 ਮਈ ਨੂੰ ਵੀ ਮਨਾਇਆ ਜਾਵੇਗਾ, ਤਾਂ ਕਿ ਸ਼ਹੀਦੀ ਦਿਹਾੜੇ ਦੀਆਂ ਦੋ ਤਰੀਕਾਂ ਬਾਰੇ ਸ਼੍ਰੋਮਣੀ ਕਮੇਟੀ ਨਾਲ ਬਣਿਆ ਵਿਵਾਦ ਖ਼ਤਮ ਕੀਤਾ ਜਾ ਸਕੇ | ਇਸ ਦੇ ਮੱਦੇਨਜ਼ਰ 28 ਮਈ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਸ੍ਰੀ ਅਖੰਡ ਪਾਠ ਦੀ ਅਰੰਭਤਾ ਕਰਕੇ 30 ਮਈ ਨੂੰ ਭੋਗ ਪਾਏ ਜਾਣੇ ਸਨ | ਹਾਲਾਂਕਿ ਪਾਕਿ ਗੁਰਦੁਆਰਾ ਕਮੇਟੀ ਵਲੋਂ ਤੈਅ ਕੀਤੇ ਦਿਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਕਰਨਾ ਤਾਂ ਦੂਰ ਪਾਕਿ ਦੇ ਕਿਸੇ ਗੁਰਦੁਆਰੇ 'ਚ ਇਸ ਵਿਸ਼ੇਸ਼ ਦਿਹਾੜੇ ਦੀ ਅਰਦਾਸ ਵੀ ਨਹੀਂ ਕਰਵਾਈ ਗਈ | ਉਕਤ ਸਭ ਦੇ ਬਾਵਜੂਦ ਮੰਤਰੀ ਅਰੋੜਾ ਅਤੇ ਹੋਰ ਪਾਕਿ ਸਿੱਖ ਆਗੂ ਸ਼ਹੀਦੀ ਦਿਹਾੜੇ ਮੌਕੇ 16 ਜੂਨ ਲਈ ਸ਼੍ਰੋਮਣੀ ਕਮੇਟੀ ਨੂੰ ਪਾਕਿ ਜਥਾ ਭੇਜਣ ਅਤੇ ਭਾਰਤ ਸਰਕਾਰ ਤੋਂ ਅਟਾਰੀ-ਵਾਹਗਾ ਸਰਹੱਦ ਦੇ ਨਾਲ-ਨਾਲ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਲਗਾਤਾਰ ਮੰਗ ਕਰ ਰਹੇ ਹਨ |