ਵਕੀਲ ਨੇ ਰਿਹਾਈ ਦੇ ਕਿਆਸਾਂ ਨੂੰ ਦੱਸਿਆ ਬੇਬੁਨਿਆਦ
<br/>
ਅੰਮਿ੍ਤਸਰ, 1 ਜੂਨ (ਸੁਰਿੰਦਰ ਕੋਛੜ)-ਈਦ ਉਲ ਅਧਾ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੰਸਥਾਪਕ ਇਮਰਾਨ ਖ਼ਾਨ ਦੀ ਸੰਭਾਵਿਤ ਰਿਹਾਈ ਬਾਰੇ ਅਫ਼ਵਾਹਾਂ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਅਤੇ ਪਾਕਿ ਸਰਕਾਰ ਦੇ ਸੰਬੰਧਿਤ ਅਦਾਰਿਆਂ ਨੇ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ | ਦਰਅਸਲ, ਪਾਕਿ ਮੀਡੀਆ ਅਤੇ ਰਾਜਨੀਤਿਕ ਹਲਕਿਆਂ 'ਚ ਸਾਬਕਾ ਪ੍ਰਧਾਨ ਮੰਤਰੀ ਖ਼ਾਨ ਦੀ ਜਲਦੀ ਰਿਹਾਈ ਲਈ ਸੰਭਾਵੀ ਸੌਦੇ ਜਾਂ ਕਾਨੂੰਨੀ ਵਿਕਾਸ ਬਾਰੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ | ਐੱਨ. ਏ. ਬੀ. ਅਧਿਕਾਰੀਆਂ ਦੇ ਅਨੁਸਾਰ ਇਸ ਸਮੇਂ ਕਿਸੇ ਵੀ ਅਦਾਲਤ ਦੇ ਸਾਹਮਣੇ ਇਮਰਾਨ ਖ਼ਾਨ ਦੀ ਰਿਹਾਈ ਲਈ ਕੋਈ ਮਾਮਲਾ ਤਿਆਰ ਨਹੀਂ ਹੈ ਅਤੇ ਨਾ ਹੀ ਬਿਊਰੋ ਨੂੰ ਕਿਸੇ ਵੀ ਮਾਮਲੇ 'ਚ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ ਜਿਸ ਦੇ ਨਤੀਜੇ ਵਜੋਂ ਈਦ ਤੋਂ ਪਹਿਲਾਂ ਉਨ੍ਹਾਂ ਦੀ ਜ਼ਮਾਨਤ ਜਾਂ ਰਿਹਾਈ ਹੋ ਸਕਦੀ ਹੈ | ਇਮਰਾਨ ਖ਼ਾਨ ਦੇ ਵਕੀਲ ਨਈਮ ਹੈਦਰ ਪੰਜੋਥਾ ਨੇ ਵੀ ਰਾਵਲਪਿੰਡੀ 'ਚ ਅੱਤਵਾਦ ਵਿਰੋਧੀ ਅਦਾਲਤ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਖ਼ਾਨ ਦੀ ਜਲਦੀ ਰਿਹਾਈ ਦੀਆਂ ਰਿਪੋਰਟਾਂ ਝੂਠੀਆਂ ਹਨ |