ਕਦੇ ਸਿੱਖ ਰਾਜ ਦੇ ਸਰਹੱਦੀ ਰੱਖਿਆ ਨੈੱਟਵਰਕ 'ਚ ਮਹੱਤਵਪੂਰਨ ਚੌਕੀ ਵਜੋਂ ਸ਼ੁਮਾਰ ਰਿਹਾ ਹੈ ਇਹ ਕਿਲ੍ਹਾ-ਮੇਜਰ ਜਨਰਲ ਮਨਰਾਲ
<br/>
ਫ਼ਿਰੋਜ਼ਪੁਰ, 1 ਜੂਨ (ਗੁਰਿੰਦਰ ਸਿੰਘ)-ਸਰਹੱਦੀ ਖੇਤਰਾਂ 'ਚ ਰਾਸ਼ਟਰੀ ਮਾਣ ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇਕ ਇਤਿਹਾਸਕ ਕਦਮ ਚੁੱਕਦਿਆਂ ਭਾਰਤੀ ਫ਼ੌਜ ਦੀ ਗੋਲਡਨ ਐਰੋ ਡਿਵੀਜ਼ਨ ਨੇ ਫ਼ਿਰੋਜ਼ਪੁਰ ਸਥਿਤ ਇਤਿਹਾਸਕ ਕਿਲ੍ਹੇ ਨੂੰ ਅੱਜ ਆਮ ਲੋਕਾਂ ਲਈ ਦੁਬਾਰਾ ਖੋਲ੍ਹ ਦਿੱਤਾ ਹੈ | ਕਿਲ੍ਹੇ ਵਿਖੇ ਰਸਮੀ ਉਦਘਾਟਨ ਮੌਕੇ ਕਰਵਾਏ ਸਮਾਰੋਹ ਵਿਚ ਮੇਜਰ ਜਨਰਲ ਆਰ.ਐੱਸ ਮਨਰਾਲ, ਐੱਸ.ਐਮ, ਵੀ.ਐਸ.ਐਮ, ਜਨਰਲ ਅਫ਼ਸਰ ਕਮਾਂਡਿੰਗ, ਗੋਲਡਨ ਐਰੋ ਡਿਵੀਜ਼ਨ ਅਤੇ ਬਿ੍ਗੇਡੀਅਰ ਬਿਕਰਮ ਸਿੰਘ ਸਟੇਸ਼ਨ ਕਮਾਂਡਰ ਅਤੇ ਚੇਅਰਮੈਨ ਕੈਂਟੋਨਮੈਂਟ ਬੋਰਡ ਤੋਂ ਇਲਾਵਾ ਸੀਨੀਅਰ ਸਿਵਲ ਅਤੇ ਫ਼ੌਜੀ ਅਧਿਕਾਰੀ, ਸਥਾਨਕ ਪਿੰਡ ਵਾਸੀ ਅਤੇ ਨੇੜਲੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਸ਼ਾਮਿਲ ਹੋਏ | ਇਸ ਸਮਾਗਮ 'ਚ ਬੋਲਦਿਆਂ ਮੇਜਰ ਜਨਰਲ ਮਨਰਾਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਭਾਰਤੀ ਫ਼ੌਜ ਦੇ ਸਰਹੱਦੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਦੀ ਅਮੀਰ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਸਮਰਪਣ ਦੇ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ | ਉਨ੍ਹਾਂ ਕਿਹਾ ਕਿ 200 ਸਾਲਾਂ ਤੋਂ ਵੱਧ ਸਮੇਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਇਸ ਮਹੱਤਵਪੂਰਨ ਆਰਕੀਟੈਕਚਰ ਅਤੇ ਇਤਿਹਾਸਕ ਸਥਾਨ ਨੂੰ ਜਨਤਾ ਲਈ ਪਹੁੰਚਯੋਗ ਬਣਾਇਆ ਗਿਆ ਹੈ, ਜੋ ਕਿ ਭਾਰਤੀ ਫ਼ੌਜ ਦੀ ਸਥਾਨਕ ਆਬਾਦੀ ਨੂੰ ਭਾਰਤ ਦੀ ਅਮੀਰ ਫ਼ੌਜੀ ਅਤੇ ਸਭਿਆਚਾਰਕ ਵਿਰਾਸਤ ਨਾਲ ਜੋੜਨ ਦੀ ਵਚਨਬੱਧਤਾ ਦਾ ਸਬੂਤ ਹੈ | ਇਹ ਪਹੁੰਚ ਰਾਸ਼ਟਰੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਜ਼ਿੰਮੇਵਾਰ ਸਰਹੱਦੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ | ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਣਨੀਤਕ ਤੌਰ 'ਤੇ ਸਥਿਤ ਫ਼ਿਰੋਜ਼ਪੁਰ ਕਿਲ੍ਹਾ ਸਿੱਖ ਸਾਮਰਾਜ ਤੋਂ 19ਵੀਂ ਸਦੀ ਦੇ ਫ਼ੌਜੀ ਆਰਕੀਟੈਕਚਰ ਦੀ ਇਕ ਸ਼ਾਨਦਾਰ ਉਦਾਹਰਣ ਹੈ | ਇਸ ਦਾ ਵਿਲੱਖਣ ਛੇ-ਭੁਜ ਡਿਜ਼ਾਈਨ ਅਤੇ ਮਜ਼ਬੂਤ ਰੱਖਿਆਤਮਕ ਵਿਸ਼ੇਸ਼ਤਾਵਾਂ ਆਪਣੇ ਸਮੇਂ ਦੀ ਰਣਨੀਤਕ ਚਤੁਰਾਈ ਨੂੰ ਦਰਸਾਉਂਦੀਆਂ ਹਨ | ਇਹ ਕਿਲ੍ਹਾ ਜੋ ਕਦੇ ਸਿੱਖ ਰਾਜ ਦੇ ਸਰਹੱਦੀ ਰੱਖਿਆ ਨੈਟਵਰਕ ਵਿਚ ਇਕ ਮਹੱਤਵਪੂਰਨ ਚੌਕੀ ਸੀ, ਹਿੰਮਤ ਅਤੇ ਵਿਰੋਧ ਦੀਆਂ ਸਦੀਵੀ ਕਹਾਣੀਆਂ ਦਾ ਮਾਣ ਕਰਦਾ ਹੈ ਅਤੇ 1857 ਦੇ ਪਹਿਲੇ ਆਜ਼ਾਦੀ ਯੁੱਧ ਦੇ ਬਿਰਤਾਂਤਾਂ ਵਿਚ ਵੀ ਪ੍ਰਮੁੱਖਤਾ ਨਾਲ ਸ਼ਾਮਿਲ ਹੈ | ਫ਼ਿਰੋਜ਼ਪੁਰ ਭਾਰਤ ਦੇ ਆਜ਼ਾਦੀ ਅੰਦੋਲਨ ਵਿਚ ਇਕ ਵਿਸ਼ੇਸ਼ ਸਥਾਨ ਰੱਖਦਾ ਹੈ | ਕਿਲ੍ਹਾ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦੇ ਗਵਾਹ ਬਣੇ ਹਨ, ਜੋ ਕਿ ਰਾਸ਼ਟਰੀ ਮਾਣ ਅਤੇ ਕੁਰਬਾਨੀ ਦਾ ਪ੍ਰਤੀਕ ਹਨ | ਫ਼ਿਰੋਜ਼ਪੁਰ ਕਿਲ੍ਹੇ ਦਾ ਮੁੜ ਖੁੱਲ੍ਹਣਾ ਨਾ ਸਿਰਫ਼ ਇਸ ਖੇਤਰ ਨੂੰ ਇਸ ਦੇ ਸ਼ਾਨਦਾਰ ਅਤੀਤ ਨਾਲ ਜੋੜਦਾ ਹੈ, ਸਗੋਂ ਇਸ ਦੀ ਪਛਾਣ ਨੂੰ ਬਹਾਦਰੀ, ਲਚਕੀਲੇਪਣ ਅਤੇ ਰਾਸ਼ਟਰੀ ਸਵੈਮਾਣ ਦੇ ਪ੍ਰਤੀਕ ਵਜੋਂ ਵੀ ਪੁਸ਼ਟੀ ਕਰਦਾ ਹੈ, ਇਸ ਨੂੰ ਪੰਜਾਬ ਦੇ ਸਭਿਆਚਾਰਕ ਅਤੇ ਵਿਰਾਸਤੀ ਸੈਰ-ਸਪਾਟਾ ਨਕਸ਼ੇ 'ਤੇ ਮਜ਼ਬੂਤੀ ਨਾਲ ਰੱਖਦਾ ਹੈ | ਫ਼ੌਜੀ ਅਧਿਕਾਰੀਆਂ ਨੇ ਉਮੀਦ ਜ਼ਾਹਿਰ ਕੀਤੀ ਕਿ ਇਸ ਇਤਿਹਾਸਕ ਸਥਾਨ 'ਤੇ ਵੱਡੀ ਗਿਣਤੀ ਵਿਚ ਸੈਲਾਨੀਆਂ ਆਉਣਗੇ ਅਤੇ ਇਸ ਦੀ ਵਿਰਾਸਤ ਦੀ ਸੰਭਾਲ ਵਿਚ ਯੋਗਦਾਨ ਪਾਉਣਗੇ |