ਨਵੀਂ ਦਿੱਲੀ, 2 ਜੂਨ (ਉਪਮਾ ਡਾਗਾ ਪਾਰਥ)- ਅਸਾਮ ਅਤੇ ਹੋਰ ਇਲਾਕਿਆਂ 'ਚ ਹੜ੍ਹਾਂ ਕਾਰਨ ਬਣੀ ਸਥਿਤੀ 'ਤੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਦੀ ਡਬਲ ਇੰਜਣ ਸਰਕਾਰ ਨੇ ਅਸਾਮ ਨਾਲ ਧੋਖਾ ਕੀਤਾ | ਖੜਗੇ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ ਰਾਹੀਂ ਕੇਂਦਰ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੀ.ਐਮ. ਕੇਅਰ ਫੰਡ 'ਚ ਕਰੋੜਾਂ ਰੁਪਏ ਬਿਨਾਂ ਆਡਿਟ ਦੇ ਰੱਖੇ ਹੋਏ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਲ 2016 'ਚ ਅਸਾਮ ਨੂੰ ਹੜ੍ਹ ਮੁਕਤ ਪ੍ਰਦੇਸ਼ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਇੰਝ ਲਗਦਾ ਹੈ ਕਿ ਭਾਜਪਾ ਦੀ ਡਬਲ ਇੰਜਣ ਦੀ ਸਰਕਾਰ ਨੇ ਅਸਾਮ ਨੂੰ ਧੋਖਾ ਦਿੱਤਾ ਹੈ | ਖੜਗੇ ਨੇ ਕਿਹਾ ਕਿ ਉੱਤਰ-ਪੂਰਬੀ ਰਾਜ ਭਾਰੀ ਮੀਂਹ, ਹੜ੍ਹ ਅਤੇ ਢਿਗਾਂ ਡਿਗਣ ਨਾਲ ਜੂਝ ਰਹੇ ਹਨ | ਅਸਾਮ, ਅਰੁਣਾਚਲ ਪ੍ਰਦੇਸ਼, ਸਿੱਕਿਮ ਅਤੇ ਮੇਘਾਲਿਆ ਸਭ ਤੋਂ ਵੱਧ ਪ੍ਰਭਾਵਿਤ ਰਾਜ ਹਨ | ਹੜ੍ਹ ਅਤੇ ਢਿਗਾਂ ਡਿਗਣ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ | ਖੜਗੇ ਨੇ ਕਾਂਗਰਸ ਕਾਰਜਕਰਤਾਵਾਂ ਨੂੰ ਇਸ ਮੁਸ਼ਕਿਲ ਘੜੀ 'ਚ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ | ਕਾਂਗਰਸ ਪ੍ਰਧਾਨ ਨੇ ਸਾਰੇ ਉੱਤਰ-ਪੂਰਬੀ ਰਾਜਾਂ ਅਤੇ ਖ਼ਾਸ ਤੌਰ 'ਤੇ ਅਸਾਮ ਦੇ ਲਈ ਫੰਡ ਜਾਰੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮੋਦੀ ਜੀ ਪੀ.ਐਮ. ਕੇਅਰ ਫੰਡ ਨਾਲ ਵੀ ਫੰਡ ਦੇ ਸਕਦੇ ਹਨ, ਜਿਸ 'ਚ ਬਿਨਾਂ ਆਡਿਟ ਦੇ ਕਰੋੜਾਂ ਰੁਪਏ ਪਏ ਹਨ |
ਭਾਜਪਾ ਦੀ ਡਬਲ ਇੰਜਣ ਸਰਕਾਰ ਨੇ ਅਸਾਮ ਨੂੰ ਧੋਖਾ ਦਿੱਤਾ-ਖੜਗੇ <br/>
ਅਜੀਤ ਡੈਸਕ
03-06-2025