ਨਵੀਂ ਦਿੱਲੀ, 2 ਜੂਨ (ਏਜੰਸੀ)-ਕੇਂਦਰ ਨੇ ਈ.ਡੀ. ਦੇ ਵਿਸ਼ੇਸ਼ ਨਿਰਦੇਸ਼ਕ ਸੱਤਿਆਬ੍ਰਤ ਕੁਮਾਰ ਨੂੰ ਵਾਪਸ ਭੇਜਣ ਦਾ ਹੁਕਮ ਦਿੱਤਾ ਹੈ, ਜੋ ਕਿ ਏਜੰਸੀ ਦੇ ਮੁੱਖ ਜਾਂਚਕਰਤਾ ਹਨ, ਜਿਨ੍ਹਾਂ ਨੇ ਦੇਸ਼ ਦੇ ਕੁਝ ਸਭ ਤੋਂ ਉੱਚ-ਪ੍ਰੋਫਾਈਲ ਹਵਾਲਾ ਮਾਮਲਿਆਂ ਦੀ ਨਿਗਰਾਨੀ ਕੀਤੀ ਸੀ, ਜਿਨ੍ਹਾਂ 'ਚ ਨੀਰਵ ਮੋਦੀ, ਵਿਜੇ ਮਾਲਿਆ ਅਤੇ ਮਹਾਦੇਵ ਐਪ ਆਨਲਾਈਨ-ਸੱਟੇਬਾਜ਼ੀ ਕੇਸ ਸ਼ਾਮਿਲ ਹਨ | ਸੱਤਿਆਬ੍ਰਤ ਕੁਮਾਰ, 2004 ਬੈਚ ਦੇ ਭਾਰਤੀ ਮਾਲੀਆ ਸੇਵਾ (ਆਈ.ਆਰ.ਐਸ.) ਦੇ ਕਸਟਮ ਅਤੇ ਅਸਿੱਧੇ ਟੈਕਸ ਕੇਡਰ ਦੇ ਅਧਿਕਾਰੀ, ਇਸ ਸਮੇਂ ਕੋਲਕਾਤਾ 'ਚ ਮੁੱਖ ਦਫ਼ਤਰ ਵਾਲੇ ਈ.ਡੀ. ਦੇ ਪੂਰਬੀ ਖੇਤਰ ਦੇ ਮੁਖੀ ਵਜੋਂ ਤਾਇਨਾਤ ਹਨ | ਕੈਬਨਿਟ ਦੀ ਨਿਯੁਕਤੀ ਕਮੇਟੀ ਵਲੋਂ 30 ਮਈ ਨੂੰ ਜਾਰੀ ਕੀਤੇ ਗਏ ਆਦੇਸ਼ 'ਚ ਕਿਹਾ ਗਿਆ ਕਿ ਕੁਮਾਰ ਦੇ ਡੈਪੂਟੇਸ਼ਨ ਕਾਰਜਕਾਲ 'ਚ ਕਟੌਤੀ ਕਰਨ ਦੇ ਮਾਲੀਆ ਵਿਭਾਗ (ਕੇਂਦਰੀ ਵਿੱਤ ਮੰਤਰਾਲੇ ਦੇ ਅਧੀਨ) ਦੇ ਪ੍ਰਸਤਾਵ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਮੂਲ ਕੇਡਰ 'ਚ ਵਾਪਸ ਭੇਜਣ ਦੇ ਨਾਲ ਮਨਜ਼ੂਰ ਕੀਤਾ ਗਿਆ ਹੈ | ਅਧਿਕਾਰੀ ਦਾ ਕਾਰਜਕਾਲ ਅਗਲੇ ਸਾਲ ਅਕਤੂਬਰ ਤੱਕ ਏਜੰਸੀ 'ਚ ਸੀ | ਮਹੱਤਵਪੂਰਨ ਮਾਮਲਿਆਂ ਦੀ ਜਾਂਚ 'ਚ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ 2022 'ਚ ਕਾਰਜਕਾਲ 'ਚ ਵਾਧਾ ਦਿੱਤਾ ਗਿਆ ਸੀ |