ਸੁਲਤਾਨਪੁਰ ਲੋਧੀ, 1 ਸਤੰਬਰ (ਨਰੇਸ਼ ਹੈਪੀ)-ਪੰਜਾਬ ਵਿਚ ਹੜ੍ਹਾਂ ਕਾਰਨ ਸਥਿਤੀ ਬਹੁਤ ਹੀ ਗੰਭੀਰ ਬਣੀ ਹੋਈ ਹੈ ਤੇ ਇਸ ਸਭ ਕੁੱਝ ਲਈ ਸਿੱਧੇ ਤੌਰ 'ਤੇ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ | ਇਹ ਗੱਲ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਸ਼ਾਹਦੀਪੁਰ, ਕੁਲਵੰਤ ਸਿੰਘ ਸੰਧੂ ਤੇ ਹੋਰ ਆਗੂਆਂ ਨੇ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਚ ਆਏ ਹੜ੍ਹਾਂ ਦੀ ਜਾਂਚ ਲਈ ਜੁਡੀਸ਼ੀਅਲ ਕਮਿਸ਼ਨ ਬਣਾ ਕੇ ਹਾਈਕੋਰਟ ਦੇ ਮੌਜੂਦਾਂ ਜੱਜ ਤੋਂ ਜਾਂਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਬੀ.ਬੀ.ਐਮ.ਬੀ. ਦਾ ਆਪਸ ਵਿਚ ਤਾਲਮੇਲ ਨਾ ਹੋਣ ਕਾਰਨ ਇਹ ਹਾਲਾਤ ਪੈਦਾ ਹੋਏ ਹਨ | ਉਨ੍ਹਾਂ ਕਿਹਾ ਕਿ ਡੈਮਾਂ ਵਿਚੋਂ 31 ਮਈ ਤੱਕ ਪਾਣੀ ਖ਼ਾਲੀ ਕਰਨਾ ਹੁੰਦਾ ਹੈ ਜਦਕਿ ਅਜਿਹਾ ਨਹੀਂ ਕੀਤਾ ਗਿਆ ਤੇ ਜਦੋਂ ਪਾਣੀ ਸਿਰੋਂ ਨਿਕਲ ਗਿਆ ਤਾਂ ਡੈਮਾਂ ਦੇ ਗੇਟ ਖ਼ੋਲ ਕੇ ਪੰਜਾਬ ਨੂੰ ਰੋੜ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਜਾਂ ਕਿਸੇ ਵੀ ਸੰਸਦ ਮੈਂਬਰ ਨੇ ਅਜੇ ਤੱਕ ਕਿਸਾਨਾਂ ਨਾਲ ਹਮਦਰਦੀ ਦੇ ਦੋ ਲਫ਼ਜ਼ ਨੇ ਬੋਲੇ | ਉਨ੍ਹਾਂ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਖ਼ਰਚੇ ਲਈ ਇਕ ਲੱਖ ਰੁਪਏ ਉਜਾੜਾ ਭੱਤਾ ਪ੍ਰਤੀ ਪਰਿਵਾਰ ਬਿਨਾਂ ਕਿਸੇ ਭੇਦ ਭਾਵ ਦੇ ਦੇਵੇ | ਉਪਰੰਤ ਗਿਰਦਾਵਰੀ ਕਰਵਾ ਕੇ ਪ੍ਰਤੀ ਏਕੜ 70 ਹਜ਼ਾਰ ਰੁਪਏ, ਗੰਨੇ ਦੀ ਫ਼ਸਲ ਲਈ ਇਕ ਲੱਖ ਰੁਪਏ, ਜਾਨੀ ਨੁਕਸਾਨ ਅਤੇ ਜਿਨ੍ਹਾਂ ਦੇ ਮਕਾਨ ਢਹਿ ਗਏ ਹਨ, ਨੂੰ 10 ਲੱਖ ਰੁਪਏ ਦਿੱਤੇ ਜਾਣ | ਉਨ੍ਹਾਂ ਦੱਸਿਆ ਕਿ ਸਮੂਹ ਕਿਸਾਨ ਜਥੇਬੰਦੀਆਂ ਮਿਲ ਕੇ ਰਾਹਤ ਕੈਂਪ ਲਗਾ ਕੇ ਜਿੱਥੇ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਦੇਣਗੇ, ਉੱਥੇ ਕਣਕ ਦੀ ਫ਼ਸਲ ਬੀਜਣ ਤੱਕ ਬੀਜ, ਡੀਜ਼ਲ ਤੇ ਹੋਰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣਗੇ | ਮੀਟਿੰਗ ਨੂੰ ਬਲਦੇਵ ਸਿੰਘ ਨਿਹਾਲਗੜ੍ਹ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਰਸ਼ਪਾਲ ਸਿੰਘ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਪੰਜਾਬ, ਸੂਰਤ ਸਿੰਘ ਧਰਮਕੋਟ ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ, ਨਿਰਭੈ ਸਿੰਘ ਢੁੱਡੀਕੇ ਕਿਸਾਨ ਯੂਨੀਅਨ, ਰੁਲਦੂ ਸਿੰਘ ਮਾਨਸਾ ਤੇ ਗੁਰਨਾਮ ਸਿੰਘ ਭਿੱਖੀ ਬੀਕੇਯੂ ਪੰਜਾਬ, ਬੋਘ ਸਿੰਘ ਬੀਕੇਯੂ ਮਾਨਸਾ, ਕੇਵਲ ਸਿੰਘ ਮਹਿਤਪੁਰ ਤੋਤੇਵਾਲ, ਗੁਰਮੀਤ ਸਿੰਘ ਮੁਹਿੰਮ ਜਨਰਲ ਸਕੱਤਰ ਕ੍ਰਾਂਤੀਕਾਰੀ ਯੂਨੀਅਨ ਪੰਜਾਬ, ਮੁਕੇਸ਼ ਸ਼ਰਮਾ ਬੀਕੇਯੂ ਰਾਜੇਵਾਲ, ਬੂਟਾ ਸਿੰਘ ਬੀਕੇਯੂ ਸ਼ਾਦੀਪੁਰ, ਮਹਾਵੀਰ ਸਿੰਘ ਗਿੱਲ ਪੱਟੀ ਆਲ ਇੰਡੀਆ ਕਿਸਾਨ ਸਭਾ, ਹਰਜਿੰਦਰ ਸਿੰਘ ਟਾਂਡਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਬੂਟਾ ਸਿੰਘ ਬੁਰਜ ਗਿੱਲ ਬੀਕੇਯੂ ਡਕੌਂਦਾ, ਜੰਗਵੀਰ ਸਿੰਘ ਚੌਹਾਨ ਦੁਆਬਾ ਕਿਸਾਨ ਯੂਨੀਅਨ, ਹਰਵਿੰਦਰ ਸਿੰਘ ਹੈਪੀ ਗਿੱਲ ਕਿਸਾਨ ਸੰਘਰਸ਼ ਕਮੇਟੀ (ਪੰਨੂ), ਮਨਜੀਤ ਸਿੰਘ ਧਨੇਰ ਬੀਕੇਯੂ ਏਕਤਾ ਡਕੌਂਦਾ, ਦਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਕਾਦੀਆਂ ਆਦਿ ਨੇ ਵੀ ਸੰਬੋਧਨ ਕੀਤਾ | ਮੀਟਿੰਗ ਉਪਰੰਤ ਸਮੂਹ ਕਿਸਾਨ ਆਗੂਆਂ ਨੇ ਮੰਡ ਖੇਤਰ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਵਾਇਆ | ਇਸ ਮੌਕੇ ਰਸ਼ਪਾਲ ਸਿੰਘ ਸੀਨੀਅਰ ਆਗੂ, ਐਡਵੋਕੇਟ ਰਜਿੰਦਰ ਸਿੰਘ ਰਾਣਾ ਸੀਨੀਅਰ ਕਿਸਾਨ ਆਗੂ, ਮਾਸਟਰ ਚਰਨ ਸਿੰਘ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਦਿਆਲ ਸਿੰਘ ਦੀਪੇਵਾਲ, ਸਰਵਨ ਸਿੰਘ ਕਰਮਜੀਤ ਪੁਰ, ਜਸਵਿੰਦਰ ਸਿੰਘ ਟਿੱਬਾ, ਰਵਿੰਦਰ ਸਿੰਘ ਰਵੀ, ਰਜਿੰਦਰ ਸਿੰਘ ਰਾਣਾ ਸੈਦੋਵਾਲ, ਤਰਸੇਮ ਸਿੰਘ ਬੰਨੇਮੱਲ, ਰਘਬੀਰ ਸਿੰਘ ਮਹਿਰਵਾਲਾ ਆਦਿ ਸਮੇਤ ਦੋ ਦਰਜਨ ਦੇ ਕਰੀਬ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |
ਪੰਜਾਬ ਵਿਚ ਹੜ੍ਹਾਂ ਲਈ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ-ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ, ਕੁਲਵੰਤ ਸਿੰਘ ਸੰਧੂ <br/>
ਅਜੀਤ ਡੈਸਕ
02-09-2025