ਯਮੁਨਾਨਗਰ, 1 ਸਤੰਬਰ (ਗੁਰਦਿਆਲ ਸਿੰਘ ਨਿਮਰ)- ਦੇਰ ਰਾਤ ਤੋਂ ਹੋ ਰਹੀ ਬਾਰਿਸ਼ ਕਾਰਨ ਖਜੂਰੀ ਰੋਡ 'ਤੇ ਪਿੰਡ ਸ਼ਾਦੀਪੁਰ ਵਿਚਲੀਆਂ ਸਾਰੀਆਂ ਕਾਲੋਨੀਆਂ ਦੇ ਘਰਾਂ 'ਚ ਪਾਣੀ ਦਾਖਲ ਹੋ ਗਿਆ, ਜਿਸ ਕਾਰਨ ਘਰੇਲੂ ਸਾਮਾਨ ਨੂੰ ਭਾਰੀ ਨੁਕਸਾਨ ਪੁੱਜਿਆ | ਇਸ ਸੰਬੰਧੀ ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਦੀ ਕਾਰਜ-ਪ੍ਰਣਾਲੀ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਪ੍ਰਸ਼ਾਸਨ ਨੂੰ ਪਹਿਲਾਂ ਵੀ ਸੂਚਿਤ ਕੀਤਾ ਗਿਆ ਸੀ, ਪਰ ਕਿਸੇ ਵੀ ਅਧਿਕਾਰੀ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ, ਜਿਸ ਦੇ ਚਲਦਿਆਂ ਅੱਜ ਇਸ ਬਾਰਿਸ਼ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿਛਲੀ ਬਾਰਿਸ਼ ਦੌਰਾਨ ਪਿੰਡ ਸ਼ਾਦੀਪੁਰ 'ਚ ਦਸਤ ਦੀ ਬਿਮਾਰੀ ਫੈਲ ਗਈ ਸੀ, ਜਿਸ ਕਾਰਨ ਕਈ ਲੋਕਾਂ ਨੂੰ ਹਸਪਤਾਲਾਂ 'ਚ ਆਪਣਾ ਇਲਾਜ ਕਰਵਾਉਣਾ ਪਿਆ ਸੀ | ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਇਸ ਮਾਮਲੇ ਬਾਰੇ ਸੂਚਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਡਾਕਟਰਾਂ ਦੀ ਟੀਮ ਭੇਜ ਕੇ ਲੋਕਾਂ ਨੂੰ ਦਵਾਈਆਂ ਦਿੱਤੀਆਂ ਸਨ | ਉਨ੍ਹਾਂ ਦੱਸਿਆ ਕਿ ਅੱਜ ਵੀ ਇਹੀ ਸਥਿਤੀ ਬਣੀ ਹੋਈ ਹੈ ਅਤੇ ਘਰ ਪਾਣੀ ਨਾਲ ਭਰੇ ਹੋਏ ਹਨ ਅਤੇ ਦੁਬਾਰਾ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ | ਲੋਕਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਮਸਲੇ ਵੱਲ ਧਿਆਨ ਦਿੱਤਾ ਜਾਵੇ ਅਤੇ ਪਾਣੀ ਦੀ ਨਿਕਾਸੀ ਦਾ ਹੱਲ ਕੱਢਿਆ ਜਾਵੇ | ਇਸੇ ਦੌਰਾਨ ਪਿੰਡ ਵਾਸੀ ਹਸ਼ਿਆਮਾਲੀ, ਇਲਿਆਸ, ਅਜੀਤ ਕੁਮਾਰ, ਰੌਸ਼ਨ ਲਾਲ, ਜਗਦੀਸ਼ ਲਾਲ ਤੇ ਰਾਜੀਵ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਮਸਲੇ ਵੱਲ ਧਿਆਨ ਦੇਣ ਲਈ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਅਸਲ 'ਚ ਨਿਗਮ ਪ੍ਰਸ਼ਾਸਨ ਨੇ ਇਸ ਪਿੰਡ ਤੋਂ ਵੋਟਾਂ ਨਹੀਂ ਲਈਆਂ ਤੇ ਇਸ ਕਾਰਨ ਉਨ੍ਹਾਂ ਦੇ ਪਿੰਡ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ |