ਸਫ਼ਾਈ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫ਼ਾ, ਹੱਥੀਂ ਰੇਹੜੀਆਂ ਖਿੱਚਣ ਤੋਂ ਮਿਲੇਗੀ ਨਿਜਾਤ
ਡੱਬਵਾਲੀ, 9 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਨੂੰ ਕੂੜੇ ਨਾਲ ਭਰੀਆਂ ਦੋਪਹੀਆ ਰੇਹੜੀਆਂ ਹੱਥੀਂ ਖਿੱਚਣ ਦੀ ਮਸ਼ੱਕਤ ਤੋਂ ਨਿਜਾਤ ਮਿਲੇਗੀ। ਨਗਰ ਪ੍ਰੀਸ਼ਦ ਨੇ ਸਾਰੇ 21 ਵਾਰਡਾਂ ਲਈ 21 ਕੂੜਾ ਇਕੱਠਾ ਕਰਨ ਵਾਲੇ ਈ-ਰਿਕਸ਼ੇ ਖਰੀਦੇ ਹਨ।
ਡੱਬਵਾਲੀ, 9 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਨੂੰ ਕੂੜੇ ਨਾਲ ਭਰੀਆਂ ਦੋਪਹੀਆ ਰੇਹੜੀਆਂ ਹੱਥੀਂ ਖਿੱਚਣ ਦੀ ਮਸ਼ੱਕਤ ਤੋਂ ਨਿਜਾਤ ਮਿਲੇਗੀ। ਨਗਰ ਪ੍ਰੀਸ਼ਦ ਨੇ ਸਾਰੇ 21 ਵਾਰਡਾਂ ਲਈ 21 ਕੂੜਾ ਇਕੱਠਾ ਕਰਨ ਵਾਲੇ ਈ-ਰਿਕਸ਼ੇ ਖਰੀਦੇ ਹਨ। ਇਨ੍ਹਾਂ ਵਿੱਚ ਹਾਈਡ੍ਰੋਲਿਕ ਲਿਫਟ ਵਾਲੀ ਟਰਾਲੀ ਲੱਗੀ ਹੈ, ਜੋ ਹੈਂਡਲ ਦੀ ਮੰਦਦ ਨਾਲ ਪਿੱਛੇ ਵੱਲ ਝੁਕ ਕੇ ਕੂੜਾ ਖਾਲੀ ਕਰਦੀ ਹੈ। ਦੀਵਾਲੀ ਮੌਕੇ ਨਗਰ ਪ੍ਰੀਸ਼ਦ ਦੇ ਪ੍ਰਧਾਨ ਟੇਕ ਚੰਦ ਛਾਬੜਾ ਅਤੇ ਉਪ ਪ੍ਰਧਾਨ ਅਮਨਦੀਪ ਬਾਂਸਲ ਨੇ ਇਨ੍ਹਾਂ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਨਵੀਂ ਵਿਵਸਥਾ ਤਹਿਤ ਹਰੇਕ ਵਾਰਡ ਵਿੱਚ ਇੱਕ ਈ-ਰਿਕਸ਼ਾ ਤਾਇਨਾਤ ਰਹੇਗਾ। ਸਫ਼ਾਈ ਦੌਰਾਨ ਕਰਮਚਾਰੀ ਗਲੀਆਂ ਵਿੱਚੋਂ ਇਕੱਠਾ ਕੀਤਾ ਕੂੜਾ ਇਸ ਵਿੱਚ ਪਾਉਣਗੇ। ਇੱਕ ਈ-ਰਿਕਸ਼ੇ ਦੀ ਸਮਰੱਥਾ ਤਿੰਨ ਰਵਾਇਤੀ ਕੂੜਾ ਰੇਹੜੀਆਂ ਦੇ ਬਰਾਬਰ ਦੱਸੀ ਜਾਂਦੀ ਹੈ ਜਿਨ੍ਹਾਂ ਵਿੱਚ ਕੂੜਾ ਸਿੱਧੇ ਰਾਮਬਾਗ ਨੇੜੇ ਡੰਪਿੰਗ ਸਟੇਸ਼ਨ ’ਤੇ ਲਿਜਾਇਆ ਜਾਵੇਗਾ। ਟੇਕ ਚੰਦ ਛਾਬੜਾ ਨੇ ਕਿਹਾ ਕਿ ਇਸ ਨਾਲ ਚੌਕਾਂ, ਚੌਰਾਹਿਆਂ ਤੇ ਬਾਜ਼ਾਰਾਂ ਵਿੱਚ ਕੂੜੇ ਦੇ ਢੇਰ ਲੱਗਣ ਅਤੇ ਬਦਬੂ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਨੂੰ ਭਾਰੀ ਰੇਹੜੀਆਂ ਖਿੱਚਣ ਤੋਂ ਰਾਹਤ ਦਿਵਾਉਣਾ ਇਸ ਪਹਿਲ ਦਾ ਮੁੱਖ ਮਕਸਦ ਹੈ। ਨਗਰ ਪ੍ਰੀਸ਼ਦ ਦੇ ਸੂਤਰਾਂ ਅਨੁਸਾਰ ਹਨੂੰਮਾਨਗੜ੍ਹ ਦੀ ਇੱਕ ਫਰਮ ਤੋਂ ਤਿਆਰ ਕਰਵਾਏ ਗਏ ਇਨ੍ਹਾਂ 2 1 ਵਾਹਨਾਂ ’ਤੇ ਕਰੀਬ 42 ਲੱਖ ਰੁਪਏ ਖ਼ਰਚ ਆਇਆ ਹੈ, ਇੱਕ ਵਾਹਨ ਦੀ ਕੀਮਤ 1.85 ਤੋਂ 2 ਲੱਖ ਰੁਪਏ ਹੈ। ਉਪ ਪ੍ਰਧਾਨ ਅਮਨਦੀਪ ਬਾਂਸਲ ਨੇ ਦੱਸਿਆ ਕਿ ਬੈਟਰੀ ਨਾਲ ਚੱਲਣ ਵਾਲੇ ਇਨ੍ਹਾਂ ਵਾਹਨਾਂ ਨਾਲ ਡੀਜ਼ਲ-ਪੈਟਰੋਲ ਦੇ ਖ਼ਰਚੇ ਵਿੱਚ ਵੀ ਬੱਚਤ ਹੋਵੇਗੀ। ਇਨ੍ਹਾਂ ਦੇ ਲਗਾਤਾਰ ਸੰਚਾਲਨ ਲਈ ਚਾਰਜਿੰਗ ਸਟੈਂਡ ਅਤੇ ਸਟੇਸ਼ਨ ਤਿਆਰ ਕਰਵਾਏ ਜਾ ਰਹੇ ਹਨ।