ਪਠਾਨਕੋਟ, 1 ਸਤੰਬਰ (ਵਿਨੋਦ)- ਪਠਾਨਕੋਟ ਜ਼ਿਲ੍ਹੇ ਵਿਚ ਹੜ੍ਹਾਂ ਵਿਚ ਵੀ ਗੈਰ-ਕਾਨੂੰਨੀ ਮਾਈਨਿੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ | ਸੋਮਵਾਰ ਨੂੰ ਵੀ ਮਾਈਨਿੰਗ ਵਿਭਾਗ ਨੇ ਛਾਪਾ ਮਾਰ ਕੇ ਚੱਕੀ ਦਰਿਆ ਤੋਂ ਬੇਦੀ ਬਜਰੀ ਕੰਪਨੀ, ਵਾਰਡ ਨੰਬਰ 12, ਪਠਾਨਕੋਟ ਨੇੜੇ ਗੈਰ-ਕਾਨੂੰਨੀ ਮਾਈਨਿੰਗ ਲਈ ਵਰਤੀਆਂ ਜਾਂਦੀਆਂ 6 ਟਰਾਲੀਆਂ ਜ਼ਬਤ ਕਰ ਲਈਆਂ | ਹਾਲਾਂਕਿ ਮਾਈਨਿੰਗ ਵਿਭਾਗ ਦੀ ਕਾਰਵਾਈ ਨੂੰ ਵੇਖਦਿਆਂ ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਏ | ਮੌਕੇ 'ਤੇ ਪਹੁੰਚੇ ਮਾਈਨਿੰਗ ਵਿਭਾਗ ਦੇ ਐਸ.ਡੀ.ਓ. ਵਿਪਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚੱਕੀ ਖੱਡ ਵਿਚ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਡਰਾਈਵਰ ਜੇ.ਸੀ.ਬੀ. ਰਾਹੀਂ ਚੱਕੀ ਖੱਡ ਵਿਚ ਰੇਤ ਤੇ ਬੱਜਰੀ ਨਾਲ ਟਰਾਲੀਆਂ ਭਰ ਰਹੇ ਸਨ | ਹਾਲਾਂਕਿ ਡਰਾਈਵਰ ਮੌਕੇ ਤੋਂ ਭੱਜ ਗਏ ਤੇ ਮਾਈਨਿੰਗ ਵਿਭਾਗ ਨੇ ਰੇਤ ਤੇ ਬੱਜਰੀ ਨਾਲ ਭਰੀਆਂ ਟਰਾਲੀਆਂ ਨੂੰ ਜ਼ਬਤ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ |